ਗੁਰਦਾਸਪੁਰ (ਵਿਨੋਦ): ਗੁਰਦਾਸਪੁਰ ਕੇਂਦਰੀ ਜੇਲ ਵਿੱਚ ਇਕ ਹਵਾਲਾਤੀ ਵੱਲੋਂ ਜੇਲ੍ਹ ਦੇ ਵਾਰਡਰ ਉੱਤੇ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸਿਟੀ ਪੁਲਸ ਨੇ ਹਵਾਲਾਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਸਬ ਇੰਸਪੈਕਟਰ ਸੋਮ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ ਸੁਪਰਡੰਟ ਵੱਲੋਂ ਦਿੱਤੀ ਗਈ ਲਿਖਤੀ ਰਿਪੋਰਟ ਮੁਤਾਬਕ ਵਾਰਡਰ ਹਰਵੰਤ ਸਿੰਘ (ਨੰ: 4787) ਡਿਊਟੀ 'ਤੇ ਮੌਜੂਦ ਸੀ। ਜਦ ਉਹ ਬੈਰਕ ਨੰਬਰ 3 ਦੇ ਹਵਾਲਾਤੀ ਸੁਖਚੈਨ ਸਿੰਘ ਉਰਫ ਸੁੱਖਾ ਨੂੰ ਅੰਦਰ ਭੇਜਣ ਲਈ ਕਹਿ ਰਿਹਾ ਸੀ, ਤਾਂ ਹਵਾਲਾਤੀ ਨੇ ਇਨਕਾਰ ਕਰ ਦਿੱਤਾ।
ਇਸ ’ਤੇ ਸਹਾਇਕ ਸੁਪਰਡੰਟ ਸਰਵਣ ਸਿੰਘ ਨੇ ਹਵਾਲਾਤੀ ਨੂੰ ਬਾਂਹ ਫੜ ਕੇ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਉਲਟਾ ਧੱਕਾ ਦੇ ਦਿੱਤਾ। ਜਦ ਵਾਰਡਰ ਹਰਵੰਤ ਸਿੰਘ ਅੱਗੇ ਆਇਆ ਤਾਂ ਹਵਾਲਾਤੀ ਨੇ ਕਿਸੇ ਤਿੱਖੀ ਚੀਜ਼ ਨਾਲ ਉਸ ਉੱਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਵਾਰਡਰ ਦੀ ਸ਼ਿਕਾਇਤ 'ਤੇ ਹਵਾਲਾਤੀ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਗੁਰਪਿਆਰ ਸਿੰਘ ਨਿਵਾਸੀ ਝੰਡਵਾਲ, ਜ਼ਿਲ੍ਹਾ ਬਠਿੰਡਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।