ਗੁਰਦਾਸਪੁਰ (ਵਿਨੋਦ): ਗੁਰਦਾਸਪੁਰ-ਪਿੰਡੋਰੀ ਰੋਡ ‘ਤੇ ਅੱਪਰ ਬਾਰੀ ਦੁਆਬ ਨਹਿਰ ਉੱਤੇ ਪਿੰਡ ਗਾਜ਼ੀਕੋਟ ਨੇੜੇ ਨਵਾਂ ਲੋਹਾ ਪੁਲ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਪੁਲ ਬਿਨਾਂ ਕਿਸੇ ਰਸਮੀ ਉਦਘਾਟਨ ਦੇ ਖੁੱਲ੍ਹਿਆ, ਪਰ ਇਸ ਨਾਲ ਇਲਾਕੇ ਦੇ ਲਗਭਗ 36 ਪਿੰਡਾਂ ਦੇ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ।ਇਥੇ ਪਹਿਲਾਂ ਬਰਤਾਨਵੀ ਸਮੇਂ ਦਾ ਇੱਕ ਪੁਰਾਣਾ ਪੁਲ ਸੀ, ਜਿਸ ਦੀ ਸਮਰੱਥਾ ਕੇਵਲ 5 ਟਨ ਸੀ, ਪਰ ਭਾਰੀ ਵਾਹਨ ਚੱਲਣ ਕਰਕੇ ਉਹ ਨੁਕਸਾਨੀ ਹੋ ਗਿਆ। ਇਸ ਕਾਰਨ ਸਰਕਾਰ ਨੇ ਨਵੇਂ, ਮਜ਼ਬੂਤ ਲੋਹੇ ਦੇ ਪੁਲ ਦਾ ਨਿਰਮਾਣ ਕਰਵਾਇਆ।
ਪੁਲ ਬਣਦਿਆਂ ਲੋਕਾਂ, ਖਾਸ ਕਰਕੇ ਪਿੰਡੋਰੀ ਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਮੁਸ਼ਕਲ ਆਉਂਦੀ ਸੀ, ਕਿਉਂਕਿ ਉਨ੍ਹਾਂ ਨੂੰ ਘੁੰਮ ਕੇ ਰਣਜੀਤ ਬਾਗ ਰਾਹੀਂ ਜਾਣਾ ਪੈਂਦਾ ਸੀ। ਹੁਣ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਨਵੇਂ ਪੁਲ ਦੇ ਖੁੱਲ੍ਹਣ ਨਾਲ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਆਸਾਨੀ ਮਿਲੀ ਹੈ।