ਨੈਸ਼ਨਲ ਡੈਸਕ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੁਲਸ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਭਟੀਆਟ ਇਲਾਕੇ ਦੇ ਸਿਹੁੰਟਾ ਥਾਣੇ ਦੀ ਗਸ਼ਤ ਦੌਰਾਨ ਬੁੱਧਵਾਰ ਰਾਤ ਟਿਆਲਾ ਨੇੜੇ ਥੁਲੇਲ ਪੁਲ 'ਤੇ ਕੀਤੀ ਗਈ।ਪੁਲਸ ਨੇ ਦੋਸ਼ੀਆਂ ਦੀ ਪਛਾਣ 19 ਸਾਲਾ ਰਾਹੁਲ ਮਸੀਹ ਪੱਤਰ ਸੁਰਜੀਤ ਮਸੀਹ, ਨਿਵਾਸੀ ਗੁਰਦਾਸਪੁਰ ਅਤੇ 30 ਸਾਲਾ ਦਿਲਬਾਗ ਸਿੰਘ ਪੱਤਰ ਬਾਊ, ਨਿਵਾਸੀ ਬਟਾਲਾ ਵਜੋਂ ਕੀਤੀ ਹੈ। ਦੋਵੇਂ ਨੌਜਵਾਨ ਸ਼ੱਕੀ ਹਾਲਤ ਵਿੱਚ ਘੁੰਮਦੇ ਪਾਏ ਗਏ ਸਨ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਅਤੇ 7.17 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕੀਤਾ।
ਪੁਲਸ ਨੇ ਮੌਕੇ 'ਤੇ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ ਦੀ ਜਾਂਚ ਹਟਲੀ ਪੁਲਸ ਚੌਕੀ ਦੇ ਏਐਸਆਈ ਪੰਕਜ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਚੰਬਾ ਦੇ ਐਸ.ਪੀ. ਅਭਿਸ਼ੇਕ ਯਾਦਵ ਨੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਚੱਲ ਰਹੀ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।