ਗੁਰਦਾਸਪੁਰ – ਗੁਰਦਾਸਪੁਰ ਪੁਲਸ ਨੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰ ਰਹੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਸ਼ਖ਼ਸਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 4 ਪਿਸਤੌਲ, 7 ਮੈਗਜ਼ੀਨ ਅਤੇ 52 ਜਿੰਦੇ ਕਾਰਤੂਸ ਵੀ ਬਰਾਮਦ ਹੋਏ ਹਨ।ਐੱਸ.ਐੱਸ.ਪੀ. ਆਦਿੱਤਿਆ ਨੇ ਦੱਸਿਆ ਕਿ ਘੁੰਮਣ ਕਲਾਂ ਪੁਲਸ ਅਤੇ ਸਪੈਸ਼ਲ ਬ੍ਰਾਂਚ ਨੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ 'ਤੇ ਬੇਬੀ ਨਾਂ ਦੇ ਵਿਅਕਤੀ ਨੂੰ ਮਜੀਠਾ ਰੋਡ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ 2 ਕਾਰਤੂਸ ਮਿਲੇ। ਪੁਲਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ।
ਪੁੱਛਗਿੱਛ ਦੌਰਾਨ ਬੇਬੀ ਨੇ ਕਬੂਲਿਆ ਕਿ ਉਸਨੇ ਇਹ ਹਥਿਆਰ ਰਿਸ਼ਭ ਉਰਫ਼ ਰਿਸ਼ੂ, ਨਿਵਾਸੀ ਸੁਲਤਾਨ ਵਿੰਡ ਰੋਡ, ਅੰਮ੍ਰਿਤਸਰ ਤੋਂ ਖਰੀਦੇ ਸਨ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਰਿਸ਼ਭ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਦੀ ਜਾਣਕਾਰੀ 'ਤੇ 3 ਹੋਰ ਪਿਸਤੌਲ, 6 ਮੈਗਜ਼ੀਨ ਅਤੇ 50 ਕਾਰਤੂਸ ਮਿਲੇ।ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਸ ਰਿਮਾਂਡ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਕਈ ਅਹੰਮ ਮਾਮਲਿਆਂ ਦੀ ਪੁਸ਼ਟੀ ਹੋਣ ਦੀ ਉਮੀਦ ਹੈ। ਇਸ ਮੌਕੇ ਪੁਲਸ ਹੈੱਡਕੁਆਰਟਰ ਤੋਂ ਸੁਪਰਡੈਂਟ ਯੋਗਰਾਜ ਸਿੰਘ ਵੀ ਮੌਜੂਦ ਸਨ।