ਬਟਾਲਾ : ਬੀਤੀ ਅੱਧੀ ਰਾਤ ਬੋਦੇ ਦੀ ਖੂਹੀ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਕੁਲਬੀਰ ਕੌਰ ਨੂੰ ਅਣਪਛਾਤੇ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਨਿਸ਼ਾਨਾ ਬਣਾਇਆ। ਉਸ ਵੇਲੇ ਘਰ ਵਿੱਚ ਉਹ ਇਕੱਲੀ ਸੀ ਕਿਉਂਕਿ ਪਰਿਵਾਰਕ ਮੈਂਬਰ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਲੁਟੇਰਿਆਂ ਨੇ ਕੰਧ ਟੱਪ ਕੇ ਦਾਖਲ ਹੋਣ ਮਗਰੋਂ ਕੁਲਬੀਰ ਕੌਰ ਨੂੰ ਬੇਰਹਮੀ ਨਾਲ ਕੁੱਟਿਆ ਅਤੇ ਉਸ ਦੀ ਲੱਤ ਤੋੜ ਦਿੱਤੀ।
ਉਨ੍ਹਾਂ ਨੇ ਘਰ ਦੀ ਤਲਾਸ਼ੀ ਲੈ ਕੇ ਅਲਮਾਰੀ ਵਿੱਚੋਂ ₹40,000 ਨਕਦ ਅਤੇ ਸੋਨੇ ਦੇ ਟਾਪਸਾਂ ਦਾ ਇਕ ਜੋੜਾ ਲੁੱਟ ਲਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰ ਤੁਰੰਤ ਘਰ ਆਏ ਅਤੇ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਬਟਾਲਾ ਲਿਜਾਇਆ, ਜਿੱਥੋਂ ਹਾਲਤ ਨਾਜੁਕ ਹੋਣ ਕਰਕੇ ਉਸ ਨੂੰ ਰੈਫਰ ਕਰ ਦਿੱਤਾ ਗਿਆ।ਪਰਿਵਾਰ ਨੇ ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਅਤੇ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।