ਗੁਰਦਾਸਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਯੂਨਿਟ ਦੀ ਮੀਟਿੰਗ ਪਿੰਡ ਚੀਮਾ ਖੁੱਡੀ ਦੇ ਗੁਰਦੁਆਰੇ ਸਾਹਿਬ ਵਿੱਚ ਸੂਬਾ ਆਗੂ ਸਵਿੰਦਰ ਸਿੰਘ ਚਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਦੀ ਅਗਵਾਈ ਹੇਠ ਹੋਈ। ਜ਼ਿਲ੍ਹੇ ਦੇ ਵੱਖ-ਵੱਖ ਜੋਨਾਂ ਦੀਆਂ ਕਮੇਟੀਆਂ ਨੇ ਮੀਟਿੰਗ ਵਿੱਚ ਹਾਜ਼ਰੀ ਭਰੀ।
ਸਵਿੰਦਰ ਸਿੰਘ ਚਤਾਲਾ ਨੇ ਦੱਸਿਆ ਕਿ ਗੁਰਦਾਸਪੁਰ ਦੇ ਕਿਸਾਨ ਪਿਛਲੇ 4 ਸਾਲਾਂ ਤੋਂ ਦਿੱਲੀ–ਜੰਮੂ–ਕੱਟੜਾ ਨੇਸ਼ਨਲ ਹਾਈਵੇ ‘ਤੇ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰ ਰਹੇ ਹਨ, ਪਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਭੂਮੀ ਪ੍ਰਾਪਤੀ ਐਕਟ 2013 ਦੀ ਗਲਤ ਵਰਤੋਂ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਡਰਾ ਕੇ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ।
ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਪਟਵਾਰੀ ਅਤੇ ਤਹਿਸੀਲਦਾਰ ਵੱਲੋਂ ਕੀਤੀਆਂ ਤਕਸੀਮਾਂ ਨੂੰ ਐਸ.ਡੀ.ਐਮ ਪੱਧਰ ‘ਤੇ ਰੋਕਣਾ, ਸਰਕਾਰ ਦੀ ਕਾਰਪੋਰੇਟ ਹਮਾਇਤੀ ਨੀਤੀ ਨੂੰ ਸਾਫ਼ ਕਰਦਾ ਹੈ। ਉਨ੍ਹਾਂ ਐਲਾਨ ਕੀਤਾ ਕਿ 11 ਅਗਸਤ ਨੂੰ ਗੁਰਦਾਸਪੁਰ ਵਿੱਚ ਵੱਡਾ ਟਰੈਕਟਰ ਮਾਰਚ ਅਤੇ ਮੋਟਰਸਾਈਕਲ ਰੈਲੀ ਨਿਕਲੇਗੀ, ਜਦਕਿ 20 ਅਗਸਤ ਨੂੰ ਜਲੰਧਰ ਵਿੱਚ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਰਾਜਵਿਆਪੀ ਵੱਡਾ ਇਕੱਠ ਕੀਤਾ ਜਾਵੇਗਾ।