ਡੇਰਾ ਬਾਬਾ ਨਾਨਕ : ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਿਸ਼ ਦਾ ਅਸਰ ਹੁਣ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਸਾਫ਼ ਦਿਖ ਰਿਹਾ ਹੈ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ, ਜਿਸ ਕਰਕੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਲਗਾਈ ਗਈ ਕੰਡਿਆਲੀ ਤਾਰ ਅਤੇ ਗੇਟ ਕਈ ਥਾਵਾਂ ’ਤੇ ਪਾਣੀ ਵਿੱਚ ਡੁੱਬ ਗਏ ਹਨ। ਹਾਲਾਂਕਿ, ਇਸ ਮੁਸ਼ਕਲ ਹਾਲਾਤ ਦੇ ਬਾਵਜੂਦ ਬੀਐਸਐਫ ਦੇ ਜਾਂਬਾਜ਼ ਜਵਾਨਾਂ ਨੇ ਆਪਣੀ ਚੌਕਸੀ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਅਤੇ ਸਰਹੱਦ ਦੀ ਸੁਰੱਖਿਆ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ।
ਬੀਐਸਐਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਹੀ ਰਾਵੀ ਦਰਿਆ ਦੇ ਸੰਵੇਦਨਸ਼ੀਲ ਪੁਆਇੰਟਾਂ ’ਤੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਹੁਣ ਜਦੋਂ ਪਾਣੀ ਹੋਰ ਵੱਧ ਗਿਆ ਹੈ, ਬੀਐਸਐਫ ਦੇ ਮਰਦ ਤੇ ਮਹਿਲਾ ਜਵਾਨ ਹੋਰ ਵੀ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਕਿਸਮ ਦੀ ਘੁਸਪੈਠ ਜਾਂ ਅਣਚਾਹੀ ਘਟਨਾ ਨੂੰ ਰੋਕਣ ਲਈ ਸਰਹੱਦ ਦੇ ਹਰ ਇੰਚ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਇਸ ਸਬੰਧੀ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇ. ਕੇ. ਬਿਰਦੀ ਨੇ ਕਿਹਾ ਕਿ ਰਾਵੀ ਦਰਿਆ ਦੇ ਕਿਨਾਰਿਆਂ ’ਤੇ ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਚੌਕਸੀ ਵਰਤ ਰਹੇ ਹਨ। ਇਸ ਤੋਂ ਇਲਾਵਾ, ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨਾਲ ਵੀ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਸਥਿਤੀ ਬਾਰੇ ਸਮੇਂ-ਸਮੇਂ ’ਤੇ ਜਾਣਕਾਰੀ ਮਿਲਦੀ ਰਹੇ। ਡੀਆਈਜੀ ਨੇ ਇਹ ਵੀ ਕਿਹਾ ਕਿ ਬੀਐਸਐਫ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਹਰੇਕ ਸੰਭਵ ਕਦਮ ਚੁੱਕੇ ਜਾ ਰਹੇ ਹਨ।
ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਪਾਣੀ ਦੇ ਵਧਦੇ ਪੱਧਰ ਕਰਕੇ ਚਿੰਤਿਤ ਹਨ, ਪਰ ਬੀਐਸਐਫ ਵੱਲੋਂ ਦਿੱਤੇ ਜਾ ਰਹੇ ਭਰੋਸੇ ਕਾਰਨ ਲੋਕ ਆਪਣਾ ਆਪ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਾਲਾਤਾਂ 'ਤੇ ਬੀਐਸਐਫ ਦੀ ਪੂਰੀ ਨਿਗਰਾਨੀ ਹੈ ਅਤੇ ਪ੍ਰਸ਼ਾਸਨ ਵੀ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।