ਗੁਰਦਾਸਪੁਰ (ਹਰਮਨ) – ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਪੂਰੇ ਨਾਸ਼ ਲਈ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੇ ਕੁਝ ਹੀ ਮਹੀਨਿਆਂ ਵਿੱਚ ਵੱਡੇ ਨਤੀਜੇ ਦਿੱਤੇ ਹਨ। ਗੁਰਦਾਸਪੁਰ ਵਿੱਚ ਡੀ.ਆਈ.ਜੀ. ਸਾਈਬਰ ਕ੍ਰਾਈਮ ਨਵੀਨ ਸੈਣੀ ਨੇ ਪੰਚਾਇਤ ਭਵਨ ਵਿਖੇ ਵਪਾਰੀਆਂ, ਡਾਕਟਰਾਂ, ਦੁਕਾਨਦਾਰਾਂ ਅਤੇ ਵੱਖ-ਵੱਖ ਪੇਸ਼ਾਵਰਾਂ ਨਾਲ ਮੁਲਾਕਾਤ ਕਰਦਿਆਂ ਦੱਸਿਆ ਕਿ ਨਸ਼ਾ ਅਤੇ ਅਪਰਾਧ ਖ਼ਿਲਾਫ਼ ਹੁਣ ਨਿਰਣਾਇਕ ਜੰਗ ਲੜੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਯ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਡੀ.ਆਈ.ਜੀ. ਨੇ ਸਿੱਧਾ ਲੋਕਾਂ ਤੋਂ ਸੁਝਾਅ ਲਏ ਕਿ ਕਿਵੇਂ ਨਸ਼ਾ ਅਤੇ ਕ੍ਰਾਈਮ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਦੇ ਯਤਨਾਂ ਨਾਲ ਪੁਲਿਸ ਨੇ ਵੱਡੇ ਪੱਧਰ ’ਤੇ ਨਸ਼ਿਆਂ ਦੇ ਜਾਲ ’ਤੇ ਕਾਬੂ ਪਾਇਆ ਹੈ।
ਡੀ.ਆਈ.ਜੀ. ਨਵੀਨ ਸੈਣੀ ਨੇ ਗੁਰਦਾਸਪੁਰ ਪੁਲਿਸ ਦੀ ਕਾਰਗੁਜ਼ਾਰੀ ਦੀ ਵੀ ਖ਼ਾਸ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਆਦਿੱਤਯ ਵੱਲੋਂ ਪੇਸ਼ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਕਾਰਵਾਈਆਂ ਨੇ ਨਤੀਜੇ ਦਿੱਤੇ ਹਨ। ਪੁਲਿਸ ਨੇ ਨਾ ਸਿਰਫ਼ ਵੱਡੇ ਪੱਧਰ ’ਤੇ ਰਿਕਵਰੀਆਂ ਕੀਤੀਆਂ ਹਨ, ਸਗੋਂ ਨਸ਼ਾ ਮਾਫ਼ੀਆ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ।
ਮੁਹਿੰਮ ਦੇ ਅੰਕੜੇ
ਡੀ.ਆਈ.ਜੀ. ਨੇ ਖੁਲਾਸਾ ਕੀਤਾ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਸਿਰਫ਼ ਸਾਢੇ 5 ਮਹੀਨਿਆਂ ਵਿੱਚ ਰਾਜ ਭਰ ਵਿੱਚ:
- 16705 ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ
- 26085 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ
- 1076 ਕਿਲੋ ਹੈਰੋਇਨ
- 372 ਕਿਲੋ ਅਫ਼ੀਮ
- 217 ਕੁਇੰਟਲ ਭੁੱਕੀ
- 415 ਕਿਲੋ ਗਾਂਜਾ
- 32.53 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ
- 6 ਕਿਲੋ ਆਈਸੀਈ ਡਰੱਗ
- 12.38 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਮੁਹਿੰਮ ਦੇ ਕਾਰਨ ਨਸ਼ਿਆਂ ਦੇ ਵਪਾਰ ’ਤੇ ਵੱਡਾ ਵਾਰ ਕੀਤਾ ਗਿਆ ਹੈ।
ਸੇਫ਼ ਪੰਜਾਬ ਚੈਟਬੋਟ ਦਾ ਯੋਗਦਾਨ
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ‘ਸੇਫ਼ ਪੰਜਾਬ’ ਐਂਟੀ-ਡਰੱਗ ਵਟਸਐਪ ਚੈਟਬੋਟ (97791-00200) ਆਮ ਲੋਕਾਂ ਵੱਲੋਂ ਭਰਵਾਂ ਸਹਿਯੋਗ ਪ੍ਰਾਪਤ ਕਰ ਰਿਹਾ ਹੈ। ਇਸ ਦੇ ਜ਼ਰੀਏ ਮਿਲੀ ਜਾਣਕਾਰੀ ਦੇ ਆਧਾਰ ’ਤੇ ਹੁਣ ਤੱਕ 5000 ਤੋਂ ਵੱਧ ਐੱਫ.ਆਈ.ਆਰਜ਼ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਲੋਕਾਂ ਨੂੰ ਅਪੀਲ
ਡੀ.ਆਈ.ਜੀ. ਨਵੀਨ ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤ ਪੰਜਾਬ ਦੀ ਨਿਰਮਾਣ ਯਾਤਰਾ ਵਿੱਚ ਹਰ ਨਾਗਰਿਕ ਆਪਣਾ ਫਰਜ਼ ਨਿਭਾਏ। ਉਨ੍ਹਾਂ ਕਿਹਾ ਕਿ ਜਨਤਾ ਦੀ ਭੂਮਿਕਾ ਸਭ ਤੋਂ ਮਹੱਤਵਪੂਰਣ ਹੈ ਅਤੇ ਸਰਕਾਰ ਤੇ ਪੁਲਿਸ ਤਦੋਂ ਹੀ ਸਫਲ ਹੋ ਸਕਦੇ ਹਨ ਜਦੋਂ ਲੋਕ ਖੁਦ ਇਸ ਲੜਾਈ ਦਾ ਹਿੱਸਾ ਬਣਨ।