ਦੀਨਾਨਗਰ : ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਲੋਕ-ਹਿੱਤ ਲਈ ਚਲਾਈਆਂ ਯੋਜਨਾਵਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸੂਬੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਕੇਂਦਰੀ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਨਾਲ ਨਾਲ ਉਨ੍ਹਾਂ ਦੇ ਲਾਭ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਕੜੀ ਅੰਦਰ ਅੱਜ ਭਾਜਪਾ ਵੱਲੋਂ ਦੀਨਾਨਗਰ ਹਲਕੇ ਦੇ ਪਿੰਡ ਚੇਚੀਆਂ ਛੌੜੀਆਂ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ, ਭਾਜਪਾ ਨੇਤਰੀ ਰੇਨੂੰ ਕਸ਼ਅਪ ਸਮੇਤ ਕਈ ਹੋਰ ਭਾਜਪਾ ਆਗੂ ਹਾਜ਼ਰ ਹੋਏ।
ਪਰੰਤੂ, ਕੈਂਪ ਦੌਰਾਨ ਹਾਲਾਤ ਉਸ ਵੇਲੇ ਤਣਾਅਪੂਰਨ ਹੋ ਗਏ ਜਦੋਂ ਸਥਾਨਕ ਪੁਲਿਸ ਨੇ ਕੈਂਪ ਵਿਚੋਂ ਹੀ ਭਾਜਪਾ ਦੇ ਕੁਝ ਨੇਤਾਵਾਂ ਨੂੰ ਜ਼ਬਰਦਸਤੀ ਹਿਰਾਸਤ ਵਿਚ ਲੈ ਲਿਆ। ਇਸ ਕਾਰਵਾਈ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਸਥਾਨਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਅਤੇ ਧਰਨਾ ਸ਼ੁਰੂ ਕਰ ਦਿੱਤਾ। ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਧਰਨੇ ਦੌਰਾਨ ਹਾਲਾਤ ਉਸ ਵੇਲੇ ਹੋਰ ਗੰਭੀਰ ਹੋ ਗਏ ਜਦੋਂ ਥਾਣਾ ਮੁਖੀ ਦੀਨਾਨਗਰ ਅਤੇ ਭਾਜਪਾ ਵਰਕਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਵਰਕਰਾਂ ਨੇ ਖੁੱਲ੍ਹੇਆਮ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਲੋਕ-ਹਿੱਤ ਯੋਜਨਾਵਾਂ ਨੂੰ ਸੂਬੇ ਵਿੱਚ ਲਾਗੂ ਕਰਨ ਤੋਂ ਰੋਕ ਰਹੀ ਹੈ ਅਤੇ ਪੁਲਿਸ ਨੂੰ ਰਾਜਨੀਤਿਕ ਦਬਾਅ ਹੇਠ ਭਾਜਪਾ ਦੀਆਂ ਗਤੀਵਿਧੀਆਂ ਵਿਚ ਖਲਲ ਪਾਉਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੈਂਪ ਲੋਕਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੇ ਸਨ, ਜਿਸ ਕਾਰਨ ਰਾਜ ਸਰਕਾਰ ਬੌਖਲਾ ਗਈ ਹੈ ਅਤੇ ਇਨ੍ਹਾਂ ਨੂੰ ਰੋਕਣ ਲਈ ਪੁਲਿਸ ਰਾਹੀਂ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਧਰਨਾ ਕਰ ਰਹੇ ਭਾਜਪਾ ਵਰਕਰਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਗ੍ਰਿਫਤਾਰ ਆਗੂਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਤਦ ਤੱਕ ਉਹ ਪੁਲਿਸ ਸਟੇਸ਼ਨ ਸਾਹਮਣੇ ਆਪਣਾ ਧਰਨਾ ਜਾਰੀ ਰੱਖਣਗੇ। ਕੁਝ ਸਮੇਂ ਬਾਅਦ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਵੀ ਪੁਲਿਸ ਸਟੇਸ਼ਨ ਪਹੁੰਚੇ। ਉਨ੍ਹਾਂ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੌਖਲਾਹਟ ਵਿਚ ਆ ਕੇ ਇਹ ਕਰਵਾਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਵੱਲੋਂ ਲਗਾਏ ਜਾ ਰਹੇ ਕੈਂਪਾਂ ਰਾਹੀਂ ਗਰੀਬ ਅਤੇ ਪਿੱਛੜੇ ਵਰਗਾਂ ਨੂੰ ਸਿੱਧਾ ਲਾਭ ਮਿਲ ਰਿਹਾ ਸੀ, ਪਰ ਪੰਜਾਬ ਸਰਕਾਰ ਲੋਕਾਂ ਦੇ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬਘੇਲ ਸਿੰਘ ਨੇ ਸਪੱਸ਼ਟ ਕੀਤਾ ਕਿ ਭਾਜਪਾ ਲੋਕ ਹਿੱਤ ਵਾਲੇ ਕੰਮ ਕਰਨ ਤੋਂ ਕਦੇ ਪਿੱਛੇ ਨਹੀਂ ਹਟੇਗੀ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪਾਰਟੀ ਆਗਾਮੀ ਸਮੇਂ ਵਿੱਚ ਵੀ ਅਜਿਹੇ ਕੈਂਪ ਲਗਾਉਣ ਦਾ ਸਿਲਸਿਲਾ ਜਾਰੀ ਰੱਖੇਗੀ। ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ਨੂੰ "ਧੱਕੇਸ਼ਾਹੀ" ਕਰਾਰ ਦਿੰਦਿਆਂ ਕਿਹਾ ਕਿ ਇਸਦੀ ਪਾਰਟੀ ਵੱਲੋਂ ਘੋਰ ਨਿੰਦਾ ਕੀਤੀ ਜਾਂਦੀ ਹੈ ਅਤੇ ਜੇਕਰ ਅਜਿਹੀਆਂ ਘਟਨਾਵਾਂ ਮੁੜ ਹੋਈਆਂ ਤਾਂ ਵੱਡੇ ਪੱਧਰ ‘ਤੇ ਰੋਸ-ਪ੍ਰਦਰਸ਼ਨ ਕੀਤੇ ਜਾਣਗੇ।