ਗੁਰਦਾਸਪੁਰ: ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਘੁੰਮਣ ਅਧੀਨ ਪੈਂਦੇ ਪਿੰਡ ਲਾਲੋਵਾਲ ਵਿੱਚ ਇਕ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 2 ਸਾਲ ਦੇ ਮਾਸੂਮ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਸ ਨੂੰ ਇਕ ਔਰਤ ਵੱਲੋਂ ਕਾਹਵਾ ਪਿਲਾਇਆ ਗਿਆ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸ਼ੌਕ ਦੀ ਲਹਿਰ ਦੌੜ ਗਈ ਹੈ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਲੋਵਾਲ ਪਿੰਡ ਦੀ ਰਹਿਣ ਵਾਲੀ ਕੁਲਵਿੰਦਰ ਕੌਰ, ਜੋ ਬਲਦੇਵ ਸਿੰਘ ਦੀ ਪਤਨੀ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸਦਾ ਪੋਤਾ ਜੈਕਬ, ਜੋ ਲਵ ਸਿੰਘ ਦਾ ਪੁੱਤਰ ਸੀ, ਉਮਰ ਸਿਰਫ਼ 2 ਸਾਲ 3 ਮਹੀਨੇ ਸੀ। ਮਿਤੀ 29 ਅਗਸਤ 2025 ਨੂੰ ਜੈਕਬ ਘਰ ਦੇ ਬਾਹਰ ਗਲੀ ਵਿੱਚ ਖੇਡਣ ਚਲਾ ਗਿਆ ਸੀ।
ਜਦੋਂ ਕੁਲਵਿੰਦਰ ਆਪਣੇ ਪੋਤੇ ਨੂੰ ਲੱਭਣ ਲਈ ਗਲੀ ਵੱਲ ਗਈ ਤਾਂ ਉਸ ਨੇ ਵੇਖਿਆ ਕਿ ਉਥੇ ਹੀ ਪਿੰਡ ਦੀ ਰਹਿਣ ਵਾਲੀ ਮੰਗੋ, ਪਤਨੀ ਮੁਖਤਾਰ ਮਸੀਹ, ਛੋਟੇ ਜੈਕਬ ਨੂੰ ਗਲਾਸ ਵਿੱਚੋਂ ਕੁਝ ਪਿਲਾ ਰਹੀ ਸੀ। ਜਦੋਂ ਉਸ ਨੇ ਪੁੱਛਿਆ ਤਾਂ ਮੰਗੋ ਨੇ ਕਿਹਾ ਕਿ ਉਹ ਬੱਚੇ ਨੂੰ ਕਾਹਵਾ ਪਿਲਾ ਰਹੀ ਸੀ।
ਦਾਦੀ ਨੇ ਤੁਰੰਤ ਹੀ ਬੱਚੇ ਨੂੰ ਆਪਣੇ ਘਰ ਲੈ ਆਇਆ ਪਰ ਕੁਝ ਹੀ ਦੇਰ ਬਾਅਦ ਬੱਚੇ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ। ਜੈਕਬ ਨੂੰ ਲਗਾਤਾਰ ਉਲਟੀਆਂ ਹੋਣ ਲੱਗੀਆਂ। ਘਰ ਵਾਲਿਆਂ ਨੇ ਉਸ ਨੂੰ ਫ਼ੌਰੀ ਤੌਰ 'ਤੇ ਸਿਵਲ ਹਸਪਤਾਲ ਧਾਰੀਵਾਲ ਪਹੁੰਚਾਇਆ। ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਹਾਲਤ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਹੀ ਜੈਕਬ ਦੀ ਮੌਤ ਹੋ ਗਈ।
ਇਸ ਦੁਖਦਾਈ ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰ ਵਿੱਚ ਮਾਤਮ ਪਸਰ ਗਿਆ ਹੈ। ਪਿੰਡ ਦੇ ਲੋਕਾਂ ਨੇ ਵੀ ਇਸ ਮਾਮਲੇ 'ਤੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਪੁਲਿਸ ਨੇ ਮੰਗੋ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿੱਚ ਇਹ ਸਾਫ਼ ਕੀਤਾ ਜਾਵੇਗਾ ਕਿ ਕੀ ਇਹ ਸਾਰੀ ਘਟਨਾ ਲਾਪਰਵਾਹੀ ਕਾਰਨ ਵਾਪਰੀ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਵੀ ਹੈ।