ਦੀਨਾਨਗਰ: ਰਾਵੀ ਦਰਿਆ ਦੇ ਉਫਾਨ ਨਾਲ ਪੈਦਾ ਹੋਏ ਹੜ੍ਹ ਦੇ ਖਤਰੇ ਨੇ ਜਿੱਥੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਹਨ। ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ ਅਤੇ ਸਹਾਇਕ ਕਮਿਸ਼ਨਰ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਮਕੌੜਾ ਪੱਤਣ ਤੋਂ ਪਾਰਲੇ ਪਿੰਡਾਂ ਦੇ ਦਰਜਨਾਂ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ।

ਰੈਸਕਿਊ ਕਾਰਵਾਈ ਦੌਰਾਨ ਖਾਸ ਤੌਰ ‘ਤੇ ਔਰਤਾਂ, ਨਵ-ਜਨਮੇ ਬੱਚਿਆਂ ਸਮੇਤ ਮਾਵਾਂ ਅਤੇ ਬੁਜ਼ੁਰਗਾਂ ਨੂੰ ਤਰਜੀਹ ਦੇ ਕੇ ਸੁਰੱਖਿਅਤ ਕੱਢਿਆ ਗਿਆ। ਟੀਮਾਂ ਨੇ ਕਿਸ਼ਤੀਆਂ ਅਤੇ ਹੋਰ ਸੁਰੱਖਿਆ ਸਾਧਨਾਂ ਦੀ ਮਦਦ ਨਾਲ ਬਹਾਦਰੀ ਨਾਲ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਬਾਹਰ ਕੱਢਿਆ। ਤਸਵੀਰਾਂ ਵਿੱਚ ਵੀ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਐਨ.ਡੀ.ਆਰ.ਐਫ. ਜਵਾਨ ਪੂਰੀ ਹਿੰਮਤ ਅਤੇ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾ ਰਹੇ ਹਨ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਸਿੱਧੀ ਅਗਵਾਈ ਹੇਠ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਿਨ-ਰਾਤ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੈ। ਡੀ.ਸੀ. ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਵਸਨੀਕ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

ਇਸਦੇ ਨਾਲ ਹੀ ਹੜ੍ਹ ਕਾਰਨ ਘਰਾਂ ਤੋਂ ਬੇਘਰ ਹੋਏ ਪਰਿਵਾਰਾਂ ਲਈ ਅਸਥਾਈ ਰਾਹਤ ਕੈਂਪ ਵੀ ਸਥਾਪਤ ਕੀਤੇ ਗਏ ਹਨ ਜਿੱਥੇ ਖਾਣ-ਪੀਣ, ਦਵਾਈਆਂ ਅਤੇ ਹੋਰ ਲੋੜੀਂਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਨਾਂ ਕਿਸੇ ਲੋੜ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਾ ਜਾਣ ਅਤੇ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਰਾਹਤ ਟੀਮਾਂ ਨਾਲ ਸੰਪਰਕ ਕਰਨ।
ਹਾਲਾਤਾਂ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜੇਕਰ ਪਾਣੀ ਦੇ ਪੱਧਰ ਵਿੱਚ ਹੋਰ ਵਾਧਾ ਹੁੰਦਾ ਹੈ ਤਾਂ ਵੱਡੇ ਪੱਧਰ ‘ਤੇ ਹੋਰ ਰੈਸਕਿਊ ਕਾਰਜ ਸ਼ੁਰੂ ਕਰਨ ਲਈ ਵੀ ਤਿਆਰੀ ਪੂਰੀ ਕਰ ਲਈ ਗਈ ਹੈ।