ਗੁਰਦਾਸਪੁਰ/ਦੀਨਾਨਗਰ – ਪੰਜਾਬ ਵਿੱਚ ਹੜ੍ਹਾਂ ਕਾਰਨ ਬਣੇ ਗੰਭੀਰ ਹਾਲਾਤਾਂ ਵਿੱਚ ਇੱਕ ਦਿਲ ਨੂੰ ਛੂਹਣ ਵਾਲਾ ਮਨੁੱਖਤਾ ਭਰਿਆ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਰਾਜਪੁਰ ਛਿੱਬ ਪਿੰਡ ਦਾ ਇੱਕ ਪਰਿਵਾਰ, ਜੋ ਭਾਰੀ ਹੜ੍ਹ ਕਾਰਨ ਰਾਵੀ ਦਰਿਆ ਦੇ ਪਾਰ ਫਸਿਆ ਹੋਇਆ ਸੀ, ਆਪਣੇ ਜਵਾਨ ਪੁੱਤ ਦੇ ਅੰਤਿਮ ਸੰਸਕਾਰ ਲਈ ਪਰੇਸ਼ਾਨ ਸੀ। ਇਸ ਸੰਕਟਮਈ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਨਾਲ ਮਿਲ ਕੇ ਇਕ ਵਿਸ਼ੇਸ਼ ਹੈਲੀਕਾਪਟਰ ਰਾਹਤ ਮਿਸ਼ਨ ਚਲਾਇਆ ਅਤੇ ਪਰਿਵਾਰ ਨੂੰ ਸੁਰੱਖਿਅਤ ਤਰੀਕੇ ਨਾਲ ਗੁਰਦਾਸਪੁਰ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਮੁਤਾਬਕ, 22 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਫਾਜ਼ਿਲਕਾ ਤੋਂ ਗੁਰਦਾਸਪੁਰ ਪਹੁੰਚੀ ਸੀ, ਜਦਕਿ ਉਸਦਾ ਪਰਿਵਾਰ ਭਾਰੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਪਿੰਡ ਵਿੱਚ ਫਸਿਆ ਹੋਇਆ ਸੀ। ਅੰਤਿਮ ਸੰਸਕਾਰ ਲਈ ਗੁਰਦਾਸਪੁਰ ਆਉਣਾ ਜਰੂਰੀ ਸੀ, ਪਰ ਹੜ੍ਹ ਕਾਰਨ ਆਵਾਜਾਈ ਦੇ ਸਾਰੇ ਰਸਤੇ ਬੰਦ ਹੋ ਗਏ ਸਨ।
ਇਸ ਸਮੇਂ ‘ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਫੌਜ ਦੀ ਮਦਦ ਲਈ ਸੰਪਰਕ ਕੀਤਾ। ਐਸਡੀਐਮ ਦੀਨਾਨਗਰ ਜਸਪਿੰਦਰ ਸਿੰਘ (IAS) ਦੀ ਸਿੱਧੀ ਨਿਗਰਾਨੀ ਹੇਠ ਇੱਕ ਐਮਰਜੈਂਸੀ ਹੈਲੀਕਾਪਟਰ ਬਚਾਅ ਅਭਿਆਨ ਚਲਾਇਆ ਗਿਆ। ਇਸ ਵਿਚਕਾਰ, ਸਿਵਲ ਪ੍ਰਸ਼ਾਸਨ ਅਤੇ ਫੌਜੀ ਅਧਿਕਾਰੀਆਂ ਨੇ ਮਿਲ ਕੇ ਤਾਲਮੇਲ ਬਣਾਇਆ, ਜਿਸ ਨਾਲ ਰਾਜਪੁਰ ਛਿੱਬ ਦੇ ਇਸ ਪਰਿਵਾਰ ਦੇ 10 ਮੈਂਬਰਾਂ ਨੂੰ ਸੁਰੱਖਿਅਤ ਤੌਰ ‘ਤੇ ਗੁਰਦਾਸਪੁਰ ਪਹੁੰਚਾਇਆ ਗਿਆ।

ਇਸ ਕਾਰਵਾਈ ਦੌਰਾਨ ਭਰਿਆਲ ਅਤੇ ਰਾਜਪੁਰ ਛਿੱਬ ਪਿੰਡਾਂ ਦੇ ਸਰਪੰਚਾਂ ਨੇ ਵੀ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਦਿੱਤਾ ਅਤੇ ਸਾਰੀ ਸਥਿਤੀ ‘ਤੇ ਨਜ਼ਰ ਰੱਖੀ।
ਅਧਿਕਾਰੀਆਂ ਅਨੁਸਾਰ, ਨੌਜਵਾਨ ਦਾ ਅੰਤਿਮ ਸੰਸਕਾਰ ਕੱਲ੍ਹ ਗੁਰਦਾਸਪੁਰ ਵਿੱਚ ਕੀਤਾ ਜਾਵੇਗਾ, ਜਿਸ ਨਾਲ ਪਰਿਵਾਰ ਆਪਣੇ ਪੁੱਤਰ ਨੂੰ ਸਨਮਾਨ ਨਾਲ ਅੰਤਿਮ ਵਿਦਾਈ ਦੇ ਸਕੇਗਾ।
ਇਹ ਮਿਸ਼ਨ ਨਾ ਸਿਰਫ਼ ਇੱਕ ਮਨੁੱਖੀ ਹਮਦਰਦੀ ਭਰੀ ਮਿਸਾਲ ਬਣਿਆ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਸਿਵਲ ਅਤੇ ਫੌਜੀ ਪ੍ਰਸ਼ਾਸਨ ਦੀ ਸਾਂਝ, ਤੁਰੰਤ ਫੈਸਲੇ ਅਤੇ ਮਨੁੱਖਤਾ ਪ੍ਰਤੀ ਵਚਨਬੱਧਤਾ ਕਿਸੇ ਵੀ ਸੰਕਟ ਨੂੰ ਪਾਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।