ਬਟਾਲਾ: ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਰਹਿ ਚੁੱਕੀ ਮਿੱਟੀ ਦੇ ਦੀਵੇ ਅਤੇ ਭਾਂਡੇ ਬਣਾਉਣ ਦੀ ਕਲਾ ਆਧੁਨਿਕ ਬਿਜਲਈ ਉਤਪਾਦਾਂ ਅਤੇ ਚਾਈਨੀਜ਼ ਲਾਈਟਾਂ ਕਾਰਨ ਅਲੋਪ ਹੋਣ ਦੇ ਕਿਨਾਰੇ ਤੇ ਹੈ। ਦਿਵਾਲੀ ਜਿਹੜਾ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਹੈ, ਉਸ ਮੌਕੇ ਲੋਕ ਸਦਾ ਰੰਗ ਬਿਰੰਗੀਆਂ ਲਾਈਟਾਂ ਨਾਲ ਆਪਣੇ ਘਰਾਂ, ਦਫਤਰਾਂ ਅਤੇ ਧਾਰਮਿਕ ਸਥਾਨਾਂ ਨੂੰ ਸਜਾਉਂਦੇ ਹਨ। ਪਰ, ਕਿਸੇ ਸਮੇਂ ਮਿੱਟੀ ਦੇ ਬਣੇ ਦਿਵਿਆਂ ਅਤੇ ਭਾਂਡਿਆਂ ਦੀ ਮੰਗ ਲੋਕਾਂ ਵਿੱਚ ਬਹੁਤ ਵਧੀ ਹੁੰਦੀ ਸੀ, ਜੋ ਹੁਣ ਘੱਟ ਹੋ ਗਈ ਹੈ।
ਬਜ਼ੁਰਗ ਕਾਰੀਗਰ ਦੱਸਦੇ ਹਨ ਕਿ ਪਿਛਲੇ ਸਮੇਂ ਜ਼ਿਲ੍ਹੇ ਭਰ ਵਿੱਚ 200 ਤੋਂ ਵੱਧ ਪਰਿਵਾਰ ਇਸ ਹਸਤਕਲਾ ਨਾਲ ਜੁੜੇ ਹੋਏ ਸਨ। ਪਰ ਆਧੁਨਿਕ ਬਿਜਲਈ ਲਾਈਟਾਂ, ਚਾਈਨੀਜ਼ ਦੀਵੇ ਅਤੇ ਮਸ਼ੀਨੀ ਉਤਪਾਦਾਂ ਨੇ ਇਹ ਪ੍ਰਚੀਨ ਧੰਦਾ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਹੁਣ ਜ਼ਿਲ੍ਹੇ ਗੁਰਦਾਸਪੁਰ ਵਿੱਚ ਸਿਰਫ਼ 8 ਪਰਿਵਾਰ ਹੀ ਇਸ ਧੰਦੇ ਨੂੰ ਜਾਰੀ ਰੱਖ ਰਹੇ ਹਨ।
ਇਹ ਪਰਿਵਾਰ ਦਸਤਕਾਰੀ ਉਦਯੋਗ ਨੂੰ ਬਚਾਉਣ ਲਈ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਹਸਤਕਲਾ ਉਦਯੋਗ ਨੂੰ ਸਹਾਇਤਾ ਮਿਲੇ, ਤਾਂ ਉਹ ਚਾਈਨੀਜ਼ ਲਾਈਟਾਂ ਅਤੇ ਦੀਵਿਆਂ ਨੂੰ ਮੁਕਾਬਲਾ ਦੇ ਸਕਦੇ ਹਨ।
ਜਸਪਾਲ ਕਾਦੀਆਂ, ਜੋ ਇਸ ਧੰਦੇ ਵਿੱਚ ਪੁਰਖਿਆਂ ਤੋਂ ਮਾਹਿਰ ਹਨ, ਦੱਸਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਚਾਈਨੀਜ਼ ਉਤਪਾਦਾਂ ਨੇ ਉਨ੍ਹਾਂ ਦਾ ਕਾਰੋਬਾਰ ਬਹੁਤ ਪ੍ਰਭਾਵਿਤ ਕੀਤਾ ਹੈ। ਹੁਣ ਬੱਚਿਆਂ ਨੇ ਮਿਹਨਤ ਵਾਲਾ ਇਹ ਕੰਮ ਛੱਡ ਕੇ ਹੋਰ ਧੰਦੇ ਅਪਣਾਏ ਹਨ। ਜਸਪਾਲ ਦੱਸਦੇ ਹਨ ਕਿ ਦਿਵੇ ਬਣਾਉਣ ਲਈ ਚੰਗੀ ਮਿੱਟੀ, ਚੀਨੀ ਅਤੇ ਕਾਲੀ ਮਿੱਟੀ ਦੀ ਲੋੜ ਹੁੰਦੀ ਹੈ। ਇੱਕ ਹਜ਼ਾਰ ਦੀਵਿਆਂ ਲਈ ਹੀ ਪੂਰੇ ਪਰਿਵਾਰ ਨੂੰ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ।
ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਪਹਿਲਾਂ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ੍ਹਿਆ ਜਾਂਦਾ ਹੈ, ਫਿਰ ਇੱਕ-ਇੱਕ ਕਰਕੇ ਦੀਵਾ ਬਣਾਇਆ ਜਾਂਦਾ ਹੈ ਅਤੇ ਕੱਚੇ ਦੀਵੇ ਨੂੰ ਅੱਗ ਤੇ ਪਕਾਇਆ ਜਾਂਦਾ ਹੈ। ਜਸਪਾਲ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਜੇ ਹਸਤਕਲਾ ਕਾਰੀਗਰਾਂ ਨੂੰ ਸਹਾਇਤਾ ਮਿਲੇ, ਤਾਂ ਇਹ ਪ੍ਰਚੀਨ ਕਲਾ ਮੁੜ ਜੀਵੰਤ ਹੋ ਸਕਦੀ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਕਦੀ ਹੈ।
ਬਜ਼ੁਰਗ ਰਤਨ ਲਾਲ ਅਤੇ ਮਾਤਾ ਅਮਰ ਕੌਰ ਪਿਛਲੇ 65 ਸਾਲਾਂ ਤੋਂ ਇਹ ਧੰਦਾ ਕਰ ਰਹੇ ਹਨ। ਹਾਲਾਂਕਿ ਉਮਰ ਵੱਡੀ ਹੋ ਚੁੱਕੀ ਹੈ, ਪਰ ਦਿਵਾਲੀ ਆਉਣ ਮੌਕੇ ਉਹ ਆਪਣੀ ਮਿਹਨਤ ਨਾਲ ਦੇਸੀ ਮਿੱਟੀ ਦੇ ਦੀਵੇ ਬਣਾਉਂਦੇ ਹਨ। ਮਾਤਾ ਅਮਰ ਕੌਰ ਦੱਸਦੀਆਂ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਵੀ ਮਿੱਟੀ ਦੇ ਉਤਪਾਦਾਂ ਨਾਲ ਆਪਣਾ ਗੁਜ਼ਾਰਾ ਕੀਤਾ।
ਇਸ ਹਸਤਕਲਾ ਦੀ ਇੱਕ ਹੋਰ ਖਾਸੀਅਤ ਹੈ ਕਿ ਇਹ ਵਾਤਾਵਰਣ ਲਈ ਸੁੱਧ ਹੈ। ਮਿੱਟੀ ਦੇ ਦੀਵੇ ਚ ਰੋਸਨ ਤੇਲ ਜਾਂ ਦੇਸੀ ਘਿਓ ਪਾਇਆ ਜਾਂਦਾ ਹੈ, ਜੋ ਹਵਾ ਵਿੱਚ ਮੌਜੂਦ ਹਾਨਿਕਾਰਕ ਤੱਤਾਂ ਨੂੰ ਖਤਮ ਕਰਦਾ ਹੈ ਅਤੇ ਹਵਾ ਨੂੰ ਸੁੱਧ ਬਨਾਏ ਰੱਖਦਾ ਹੈ।
ਅਖ਼ੀਰਕਾਰ, ਜੇ ਸਰਕਾਰ ਇਸ ਪ੍ਰਚੀਨ ਕਲਾ ਅਤੇ ਹਸਤਕਲਾ ਕਾਰੀਗਰਾਂ ਨੂੰ ਸਹਾਇਤਾ ਦੇਵੇ, ਤਾਂ ਇਹ ਧੰਦਾ ਨਾ ਸਿਰਫ਼ ਜ਼ਿੰਦਾ ਰਹਿ ਸਕਦਾ ਹੈ, ਬਲਕਿ ਨਵੇਂ ਨੌਜਵਾਨਾਂ ਲਈ ਰੁਜ਼ਗਾਰ ਦਾ ਸਰੋਤ ਵੀ ਬਣ ਸਕਦਾ ਹੈ।
