ਕਰਵਾ ਚੌਥ, ਧੰਨ ਤੇਰਸ ਅਤੇ ਦਿਵਾਲੀ ਵਰਗੇ ਤਿਉਹਾਰਾਂ ਨੂੰ ਲੈ ਕੇ ਗੁਰਦਾਸਪੁਰ ਦੇ ਬਜ਼ਾਰਾਂ ‘ਚ ਖਰੀਦਦਾਰੀ ਦੀ ਚਲਹੇਰੀ ਦੇਖੀ ਜਾ ਰਹੀ ਹੈ। ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਬਜ਼ਾਰਾਂ ਦਾ ਰੁਖ ਕੀਤਾ ਜਾ ਰਿਹਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ।
ਟਰੈਫਿਕ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਵਿਸ਼ੇਸ਼ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਰ ਆਉਣ-ਜਾਣ ਵਾਲੀ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਤੱਤ ‘ਤੇ ਨਜ਼ਰ ਰੱਖੀ ਜਾ ਸਕੇ ਅਤੇ ਕੋਈ ਅਨਚਾਹੀ ਘਟਨਾ ਨਾ ਹੋਵੇ।
ਇਨ੍ਹਾਂ ਨਾਕਿਆਂ ਦੌਰਾਨ ਪੁਲਿਸ ਨੇ ਇੱਕ ਬੁਲਟ ਸਵਾਰ ਦਾ ₹5000 ਦਾ ਚਲਾਨ ਕੀਤਾ ਜਿਸਦੀ ਮੋਟਰਸਾਈਕਲ ਪਟਾਕੇ ਮਾਰ ਰਹੀ ਸੀ। ਇਸ ਤੋਂ ਇਲਾਵਾ ਕੁਝ ਅੰਡਰ ਏਜ ਡਰਾਈਵਰਾਂ ਦੇ ਵੀ ਚਲਾਨ ਕੱਟੇ ਗਏ।
ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਐਹੋ ਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਸ਼ਰਾਰਤੀ ਗਤੀਵਿਧੀ ਨਾ ਹੋਵੇ।
ਉਨ੍ਹਾਂ ਨੇ ਨਾਲ ਹੀ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪੂਰਾ ਪਾਲਣ ਕਰਨ। ਰਿਹਾਇਸ਼ੀ ਇਲਾਕਿਆਂ ਵਿੱਚ ਪਟਾਕਿਆਂ ਦੀ ਵਿਕਰੀ ‘ਤੇ ਰੋਕ ਲਗਾਈ ਗਈ ਹੈ ਅਤੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਵੱਲੋਂ ਕੀਤੇ ਗਏ ਇਹ ਪ੍ਰਬੰਧ ਤਿਉਹਾਰਾਂ ਦੇ ਮੌਕੇ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਕੀਤੇ ਗਏ ਹਨ।
