MyGurdaspur

Subscribe
ਪੰਜਾਬ ਖ਼ਬਰ : ਪੁੱਤ ਦੇ ਜਨਮਦਿਨ ‘ਤੇ ਬਾਪ ਦੀ ਮੌਤ ਦੀ ਖ਼ਬਰ ਨਾਲ ਛਾਇਆ ਮਾਤਮ — ਬਟਾਲਾ ‘ਚ ਭੇਦਭਰੀ ਹਾਲਾਤਾਂ ‘ਚ ਮਿਲੀ ਨੌਜਵਾਨ ਦੀ ਲਾਸ਼…

ਬਟਾਲਾ — ਖੁਸ਼ੀ ਦਾ ਮੌਕਾ ਮਿੰਟਾਂ ਵਿੱਚ ਗ਼ਮ ਵਿੱਚ ਬਦਲ ਗਿਆ, ਜਦੋਂ ਇੱਕ ਪਰਿਵਾਰ ਜੋ ਪੁੱਤ ਦੇ ਜਨਮਦਿਨ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ, ਉਸੇ ਸਮੇਂ ਘਰ ਤੱਕ ਪਹੁੰਚੀ ਪਿਤਾ ਦੀ ਮੌਤ ਦੀ ਖ਼ਬਰ ਨੇ ਸੱਥਰ ਵਿਛਾ ਦਿੱਤੇ। ਇਹ ਦਿਲ ਦਹਿਲਾਉਣ ਵਾਲੀ ਘਟਨਾ ਬਟਾਲਾ ਦੇ ਪੁਲਸ ਲਾਈਨ ਰੋਡ 'ਤੇ ਫਾਟਕ ਨੇੜੇ ਵਾਪਰੀ, ਜਿੱਥੇ ਇੱਕ ਪਲਾਟ ਵਿਚੋਂ 39 ਸਾਲਾ ਨੌਜਵਾਨ ਵਰਿੰਦਰਪਾਲ ਸਿੰਘ ਦੀ ਲਾਸ਼ ਭੇਦਭਰੀ ਹਾਲਾਤਾਂ 'ਚ ਬਰਾਮਦ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ, ਵਰਿੰਦਰਪਾਲ ਸਿੰਘ ਪ੍ਰੇਮ ਨਗਰ, ਬਟਾਲਾ ਦਾ ਰਹਿਣ ਵਾਲਾ ਸੀ। ਉਸਦੀ ਪਤਨੀ ਮਮਤਾ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਪਤੀ ਕੱਲ੍ਹ ਘਰੋਂ ਕਿਸੇ ਕੰਮ ਲਈ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਘਰ ਵਿੱਚ ਉਸਦੇ ਬੇਟੇ ਦਾ ਜਨਮਦਿਨ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸਨ ਅਤੇ ਬੱਚਾ ਆਪਣੇ ਪਿਤਾ ਦੀ ਉਡੀਕ ਕਰ ਰਿਹਾ ਸੀ ਤਾਂ ਕਿ ਕੇਕ ਕੱਟ ਸਕੇ। ਪਰ ਉਹ ਰਾਤ ਭਰ ਵਾਪਸ ਨਾ ਆਇਆ।

ਸਵੇਰੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਰਿੰਦਰਪਾਲ ਦੀ ਲਾਸ਼ ਸ਼ਹਿਰ ਦੇ ਇਕ ਪਲਾਟ ਵਿੱਚ ਪਈ ਮਿਲੀ ਹੈ। ਮਮਤਾ ਨੇ ਸ਼ੱਕ ਜਤਾਇਆ ਹੈ ਕਿ ਉਸਦੇ ਪਤੀ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਪਿੱਛੇ ਦੋ ਬੱਚੇ ਛੱਡ ਗਿਆ ਹੈ — 18 ਸਾਲ ਦੀ ਬੇਟੀ ਅਤੇ 10 ਸਾਲ ਦਾ ਪੁੱਤਰ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਫੋਰੇਂਸਿਕ ਵਿਭਾਗ ਨੂੰ ਵੀ ਸਥਾਨ 'ਤੇ ਬੁਲਾਇਆ ਹੈ ਤਾਂ ਕਿ ਸਬੂਤ ਇਕੱਠੇ ਕੀਤੇ ਜਾ ਸਕਣ। ਡੀਐਸਪੀ ਸਿਟੀ ਬਟਾਲਾ ਸੰਦੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਬਹੁਤ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਸ਼ਰੀਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਣਾਂ ਦਾ ਖੁਲਾਸਾ ਹੋ ਸਕੇਗਾ। ਇਸ ਦੌਰਾਨ ਸਥਾਨਕ ਲੋਕਾਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਚਰਚਾ ਦਾ ਮਾਹੌਲ ਹੈ ਅਤੇ ਪਰਿਵਾਰ 'ਚ ਸੋਗ ਦਾ ਮਾਹੌਲ ਪਸਰਿਆ ਹੋਇਆ ਹੈ।

Leave a Reply

Your email address will not be published. Required fields are marked *