ਗੁਰਦਾਸਪੁਰ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਪਰਿਵਾਰਾਂ ਲਈ ਚਲ ਰਹੀ ਮੁਫ਼ਤ ਰਾਸ਼ਨ ਸਕੀਮ 'ਚ ਵੱਡੀ ਕਟੌਤੀ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਹੈ। ਗੁਰਦਾਸਪੁਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਹਲਕੇ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੇਂਦਰ ਸਰਕਾਰ ਨੂੰ ਖੁੱਲ੍ਹਾ ਚੈਲੈਂਜ ਦਿੱਤਾ ਕਿ "ਪੰਜਾਬ ਵਿੱਚ ਕਿਸੇ ਵੀ ਗਰੀਬ ਦਾ ਰਾਸ਼ਨ ਕਦੇ ਵੀ ਬੰਦ ਨਹੀਂ ਹੋਣ ਦਿੱਤਾ ਜਾਵੇਗਾ।"
55 ਲੱਖ ਗਰੀਬਾਂ ਦਾ ਰਾਸ਼ਨ ਕੱਟਣ ਦਾ ਮਾਮਲਾ
AAP ਨੇ ਕੇਂਦਰ ਸਰਕਾਰ ਉੱਤੇ ਵੱਡਾ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਕੁੱਲ 1.53 ਕਰੋੜ ਰਾਸ਼ਨ ਕਾਰਡਾਂ ਵਿੱਚੋਂ 55 ਲੱਖ ਗਰੀਬ ਪਰਿਵਾਰਾਂ ਨੂੰ ਮਿਲਣ ਵਾਲਾ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਸ਼ੈਰੀ ਕਲਸੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ "KYC ਦੀ ਕਮੀ" ਦਾ ਬਹਾਨਾ ਬਣਾਕੇ ਪਹਿਲਾਂ ਹੀ ਜੁਲਾਈ ਮਹੀਨੇ ਤੋਂ 23 ਲੱਖ ਲੋਕਾਂ ਦਾ ਰਾਸ਼ਨ ਰੋਕਿਆ ਜਾ ਚੁੱਕਾ ਹੈ। ਹੁਣ 30 ਸਤੰਬਰ ਤੋਂ ਬਾਅਦ ਹੋਰ 32 ਲੱਖ ਲਾਭਪਾਤਰੀਆਂ ਦੀ ਸਹਾਇਤਾ ਰੋਕਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਿਰਫ਼ ਇੱਕ ਪ੍ਰਸ਼ਾਸਨਿਕ ਕਾਰਵਾਈ ਨਹੀਂ ਸਗੋਂ ਗਰੀਬ ਵਿਰੋਧੀ ਨੀਤੀ ਹੈ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਹੈ।
"ਪੰਜਾਬ ਦੇ ਅਨਾਜ ਨਾਲ ਪੂਰਾ ਦੇਸ਼ ਜੀਵਦਾ ਹੈ, ਪਰ..."
ਸ਼ੈਰੀ ਕਲਸੀ ਨੇ ਭਾਵੁਕ ਹੁੰਦੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀ ਮੇਹਨਤ ਨਾਲ ਪੂਰੇ ਦੇਸ਼ ਦਾ ਪੇਟ ਭਰਦੇ ਹਨ। ਫਿਰ ਵੀ ਕੇਂਦਰ ਸਰਕਾਰ ਉਹੀ ਅਨਾਜ ਪੰਜਾਬ ਦੇ ਗਰੀਬਾਂ ਦੀ ਥਾਲ਼ੀ ਤੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਦਮ ਪੰਜਾਬ ਦੇ ਹੱਕਾਂ ਉੱਤੇ ਸਿੱਧਾ ਹਮਲਾ ਹੈ ਅਤੇ AAP ਸਰਕਾਰ ਇਸ ਵਿਰੁੱਧ ਹਰੇਕ ਪੱਧਰ 'ਤੇ ਜੰਗ ਲੜੇਗੀ।
BJP 'ਤੇ ਨਿਸ਼ਾਨਾ : "ਏ.ਸੀ. ਕਮਰਿਆਂ 'ਚ ਬੈਠੇ ਲੋਕ ਪੰਜਾਬ ਦੇ ਦਰਦ ਨੂੰ ਨਹੀਂ ਸਮਝਦੇ"
AAP ਨੇ ਕੇਂਦਰ ਸਰਕਾਰ ਦੇ ਉਹ ਮਾਪਦੰਡਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ ਜਿਨ੍ਹਾਂ ਦੇ ਆਧਾਰ 'ਤੇ ਰਾਸ਼ਨ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ। ਕਲਸੀ ਨੇ ਕਿਹਾ ਕਿ "ਭਾਜਪਾ ਕਹਿੰਦੀ ਹੈ ਕਿ ਜਿਨ੍ਹਾਂ ਕੋਲ ਕਾਰ ਹੈ, 2.5 ਏਕੜ ਜ਼ਮੀਨ ਹੈ ਜਾਂ ਪਰਿਵਾਰ ਦਾ ਕੋਈ ਪੁੱਤਰ ਨੌਕਰੀ ਕਰਦਾ ਹੈ, ਉਨ੍ਹਾਂ ਦਾ ਰਾਸ਼ਨ ਕੱਟ ਦਿਓ। ਪਰ ਕੀ ਕਾਰ ਹੋਣ ਦਾ ਮਤਲਬ ਹੈ ਪਰਿਵਾਰ ਅਮੀਰ ਹੈ? ਕੀ ਇੱਕ ਪੁੱਤਰ ਦੀ ਨੌਕਰੀ ਨਾਲ ਪੂਰਾ ਪਰਿਵਾਰ ਖੁਸ਼ਹਾਲ ਹੋ ਜਾਂਦਾ ਹੈ? ਇਹ ਸਿਰਫ਼ ਭਾਜਪਾ ਦੇ ਬਹਾਨੇ ਹਨ।"
ਉਨ੍ਹਾਂ ਕਿਹਾ ਕਿ ਦਿੱਲੀ ਦੇ ਏਸੀ ਕਮਰਿਆਂ ਵਿੱਚ ਬੈਠੇ ਅਫਸਰ ਅਤੇ ਨੇਤਾ ਪੰਜਾਬ ਦੇ ਪਿੰਡਾਂ ਦੀ ਹਕੀਕਤ ਨੂੰ ਨਹੀਂ ਸਮਝਦੇ।
"ਭਗਵੰਤ ਮਾਨ ਸਰਕਾਰ ਕਿਸੇ ਵੀ ਗਰੀਬ ਦੀ ਥਾਲੀ ਖ਼ਾਲੀ ਨਹੀਂ ਹੋਣ ਦੇਵੇਗੀ"
ਸ਼ੈਰੀ ਕਲਸੀ ਨੇ ਯਕੀਨ ਦਵਾਇਆ ਕਿ ਜਿੰਨਾ ਚਿਰ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ AAP ਸਰਕਾਰ ਹੈ, ਕਿਸੇ ਵੀ ਗਰੀਬ ਦਾ ਰਾਸ਼ਨ ਬੰਦ ਨਹੀਂ ਹੋਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ 1.29 ਕਰੋੜ ਰਾਸ਼ਨ ਲਾਭਪਾਤਰੀਆਂ ਦੀ ਤਸਦੀਕ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਪਰਿਵਾਰਾਂ ਦੀ ਜਾਂਚ ਅਗਲੇ ਛੇ ਮਹੀਨਿਆਂ ਵਿੱਚ ਘਰ-ਘਰ ਜਾ ਕੇ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਸ਼ਨ ਦਾ ਨਹੀਂ, ਸਨਮਾਨ ਤੇ ਅਧਿਕਾਰਾਂ ਦਾ ਮਸਲਾ ਹੈ। ਜੇਕਰ ਲੋੜ ਪਈ ਤਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਵੱਡਾ ਅੰਦੋਲਨ ਸ਼ੁਰੂ ਕਰੇਗੀ। ਕਲਸੀ ਨੇ ਦੋ-ਟੁੱਕ ਕਿਹਾ ਕਿ "ਕਿਸੇ ਮਾਂ ਦੀ ਥਾਲੀ ਖ਼ਾਲੀ ਨਹੀਂ ਰਹਿਣ ਦਿੱਤੀ ਜਾਵੇਗੀ, ਨਾ ਹੀ ਕਿਸੇ ਬੱਚੇ ਨੂੰ ਭੁੱਖਾ ਰਹਿਣ ਦਿੱਤਾ ਜਾਵੇਗਾ।"