ਫਤਿਹਗੜ੍ਹ ਚੂੜੀਆਂ (ਜ਼ਿਲ੍ਹਾ ਬਟਾਲਾ): ਅਜਨਾਲਾ ਰੋਡ 'ਤੇ ਦਿਨ ਦਿਹਾੜੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਮੋਟਰਸਾਈਕਲ 'ਤੇ ਆ ਕੇ ਇਕ ਦੁਕਾਨ 'ਤੇ ਫਾਇਰਿੰਗ ਕੀਤੀ ਗਈ। ਇਹ ਘਟਨਾ "ਦਸਤੂਰ-ਏ-ਦਸਤਾਰ" ਨਾਂ ਦੀ ਦੁਕਾਨ ਦੇ ਬਾਹਰ ਵਾਪਰੀ, ਜਿਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ, ਹਾਲਾਂਕਿ ਗੋਲੀ ਲੱਗਣ ਕਾਰਨ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ।ਦੁਕਾਨ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਚ ਬੈਠੇ ਹੋਏ ਸਨ, ਜਦ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਦੁਕਾਨ ਦੇ ਬਾਹਰੀ ਸ਼ੀਸ਼ੇ 'ਚ ਲੱਗੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਵਿਪਨ ਕੁਮਾਰ ਅਤੇ ਐਸਐਚਓ ਪ੍ਰਭਜੋਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।