ਗੁਰਦਾਸਪੁਰ: ਪੰਜਾਬ ਵਿੱਚ ਭਾਰੀ ਮੀਂਹ ਅਤੇ ਰਾਵੀ ਦਰਿਆ ਦੇ ਉਫ਼ਾਨ ਕਾਰਨ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਹੜ੍ਹ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਦੋਰਾਂਗਲਾ ਕਸਬੇ ਦੇ ਨੇੜੇ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ ਵਿੱਚ ਇੱਕ ਵੱਡੀ ਸੰਕਟਮਈ ਸਥਿਤੀ ਪੈਦਾ ਹੋ ਗਈ। ਸਕੂਲ ਵਿੱਚ ਹੋਸਟਲ ਵਿਚ ਰਹਿ ਰਹੇ 381 ਵਿਦਿਆਰਥੀ ਅਤੇ 70 ਅਧਿਆਪਕ ਤੇ ਸਟਾਫ਼ ਮੈਂਬਰ ਰਾਤੋ-ਰਾਤ ਹੜ੍ਹ ਦੇ ਪਾਣੀ ਵਿੱਚ ਘਿਰ ਗਏ ਅਤੇ ਕਰੀਬ 12 ਘੰਟਿਆਂ ਬਾਅਦ ਐੱਨਡੀਆਰਐੱਫ, ਫੌਜ ਅਤੇ ਸਮਾਜ ਸੇਵੀ ਸੰਗਠਨਾਂ ਦੀ ਮਦਦ ਨਾਲ ਰੈਸਕਿਊ ਕੀਤੇ ਗਏ।
ਕਿਵੇਂ ਵਾਪਰੀ ਘਟਨਾ?
ਮੰਗਲਵਾਰ ਦਿਨ ਦੇ ਸਮੇਂ ਤਕ ਸਥਿਤੀ ਆਮ ਸੀ, ਪਰ ਅੱਧੀ ਰਾਤ ਤੋਂ ਬਾਅਦ ਰਾਵੀ ਦਰਿਆ ਦਾ ਪਾਣੀ ਕੰਢੇ ਪਾਰ ਕਰਕੇ ਤੇਜ਼ੀ ਨਾਲ ਅੱਗੇ ਵਧਿਆ। ਲਗਭਗ ਰਾਤ ਦੇ ਤਿੰਨ ਵਜੇ, ਸਕੂਲ ਦੇ ਆਲੇ-ਦੁਆਲੇ ਪਾਣੀ ਭਰਨਾ ਸ਼ੁਰੂ ਹੋ ਗਿਆ। ਕੁਝ ਹੀ ਘੰਟਿਆਂ ਵਿੱਚ ਸਕੂਲ ਦੇ ਪ੍ਰੰਗਣ ਵਿੱਚ ਪੰਜ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ। ਇਸ ਨਾਲ ਹੋਸਟਲ ਵਿਚ ਰਹਿ ਰਹੇ ਸੈਂਕੜੇ ਬੱਚੇ ਅਤੇ ਸਕੂਲ ਸਟਾਫ਼ ਅੰਦਰ ਹੀ ਫਸ ਗਏ।
ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਤੁਰੰਤ ਸੁਰੱਖਿਅਤ ਰੱਖਣ ਲਈ ਸਕੂਲ ਦੀ ਪਹਿਲੀ ਮੰਜ਼ਿਲ ਤੇ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 27 ਤੋਂ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਹੋਇਆ ਸੀ, ਪਰ ਇਸ ਤੋਂ ਪਹਿਲਾਂ ਸਕੂਲ ਖਾਲੀ ਕਰਨ ਲਈ ਕੋਈ ਸਿੱਧੇ ਹੁਕਮ ਨਹੀਂ ਮਿਲੇ ਸਨ।
ਪ੍ਰਸ਼ਾਸਨ ਤੇ ਬਚਾਅ ਕਾਰਵਾਈ
ਸਥਿਤੀ ਗੰਭੀਰ ਹੋਣ ਦੀ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਬਚਾਅ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ। ਸ਼ੁਰੂਆਤੀ ਕੋਸ਼ਿਸ਼ਾਂ ਵਿੱਚ ਬੱਸਾਂ ਰਾਹੀਂ ਬੱਚਿਆਂ ਨੂੰ ਕੱਢਣ ਦੀ ਯੋਜਨਾ ਬਣਾਈ ਗਈ, ਪਰ ਸਕੂਲ ਦੇ ਬਾਹਰ ਪਾਣੀ ਦੀ ਵੱਡੀ ਮਾਤਰਾ ਕਾਰਨ ਇਹ ਯਤਨ ਅਸਫਲ ਰਹੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਐੱਨਡੀਆਰਐੱਫ ਦੀ ਟੀਮਾਂ ਤੇ ਫੌਜ ਦੇ ਜਵਾਨਾਂ ਨੂੰ ਮੌਕੇ ‘ਤੇ ਭੇਜਿਆ।
ਭਾਰੀ ਮੁਸ਼ਕਲਾਂ ਦੇ ਬਾਵਜੂਦ ਰੈਸਕਿਊ ਟੀਮਾਂ ਨੇ ਬੱਚਿਆਂ ਅਤੇ ਸਟਾਫ਼ ਨੂੰ ਕਿਸ਼ਤੀਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਇਸ ਕਾਰਵਾਈ ਦੌਰਾਨ ਸਮਾਜ ਸੇਵੀ ਸੰਗਠਨਾਂ ਨੇ ਵੀ ਸਰਗਰਮ ਭੂਮਿਕਾ ਨਿਭਾਈ।
ਰਾਵੀ ਦਰਿਆ ਦਾ ਖਤਰਾ ਜਾਰੀ
ਅਧਿਕਾਰੀਆਂ ਦੇ ਅਨੁਸਾਰ ਰਾਵੀ ਦਰਿਆ ਦਾ ਪਾਣੀ ਕੰਢਿਆਂ ਨੂੰ ਤੋੜ ਕੇ ਲਗਭਗ 9 ਕਿਲੋਮੀਟਰ ਤੱਕ ਅੰਦਰ ਆ ਗਿਆ ਹੈ ਅਤੇ ਇਹ ਲਹਿਰਾਂ ਹੁਣ ਤੇਜ਼ੀ ਨਾਲ ਕਲਾਨੌਰ ਵੱਲ ਵਧ ਰਹੀਆਂ ਹਨ। ਇਸ ਕਾਰਨ ਨੇੜਲੇ ਕਈ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ।
ਲੋਕਾਂ ਵਿਚ ਦਹਿਸ਼ਤ
ਇਸ ਘਟਨਾ ਕਾਰਨ ਸਕੂਲ ਦੇ ਬੱਚਿਆਂ ਦੇ ਪਰਿਵਾਰਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਸੀ। ਹਾਲਾਂਕਿ 12 ਘੰਟਿਆਂ ਦੀ ਜ਼ਬਰਦਸਤ ਕੋਸ਼ਿਸ਼ਾਂ ਬਾਅਦ ਸਾਰੇ ਬੱਚਿਆਂ ਅਤੇ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪਰ ਇਲਾਕੇ ਵਿੱਚ ਹੜ੍ਹ ਦਾ ਖਤਰਾ ਅਜੇ ਵੀ ਕਾਇਮ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸੀ ਬਰਤਣ ਦੀ ਅਪੀਲ ਕੀਤੀ ਹੈ।