ਕਲਾਨੌਰ (ਗੁਰਦਾਸਪੁਰ) – ਪੰਜਾਬ ਦੇ ਨੌਜਵਾਨ ਜਿਹੜੇ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿਚ ਕਮਾਈ ਦੀ ਖਾਤਰ ਜਾਂਦੇ ਹਨ, ਉਹ ਜੇਕਰ ਆਪਣੀ ਜ਼ਮੀਨ 'ਤੇ ਸਮਝਦਾਰੀ ਅਤੇ ਸੂਝਬੂਝ ਨਾਲ ਖੇਤੀਬਾੜੀ ਕਰਨ, ਤਾਂ ਉਹ ਇੱਥੇ ਹੀ ਵੱਡੀ ਆਮਦਨ ਕਮਾ ਸਕਦੇ ਹਨ। ਇਹ ਸਾਬਤ ਕੀਤਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਕਲਾਨੌਰ ਦੇ ਪਿੰਡ ਭੰਗਵਾਂ ਦੇ ਰਹਿਣ ਵਾਲੇ ਸੇਵਾਮੁਕਤ ਫੌਜੀ ਅਤੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਭੰਗਵਾਂ ਨੇ, ਜਿਨ੍ਹਾਂ ਨੇ ਸਟ੍ਰਾਬੇਰੀ ਦੀ ਖੇਤੀ ਕਰਕੇ ਆਪਣੀ ਜ਼ਿੰਦਗੀ ’ਚ ਨਵੀਂ ਮਿਸਾਲ ਕਾਇਮ ਕੀਤੀ ਹੈ।
ਤਰਸੇਮ ਸਿੰਘ, ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਦੀਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ 31 ਦਸੰਬਰ 1988 ਨੂੰ ਹਵਾਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ, ਉਹ ਹੁਣ ਆਪਣੀ ਜ਼ਮੀਨ 'ਤੇ ਪੁੱਤਰ ਨੰਬਰਦਾਰ ਰਾਮ ਸਿੰਘ ਅਤੇ ਪੋਤਰੇ ਨਾਲ ਮਿਲ ਕੇ ਆਰਗੈਨਿਕ ਖੇਤੀ ਕਰਦੇ ਹਨ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਸਬਜ਼ੀਆਂ, ਦਾਲਾਂ, ਅਤੇ ਵੱਖ-ਵੱਖ ਫਲਾਂ ਦੀ ਆਰਗੈਨਿਕ ਖੇਤੀ ਸ਼ੁਰੂ ਕੀਤੀ। ਸੋਸ਼ਲ ਮੀਡੀਆ ’ਤੇ ਹਿਮਾਚਲ ਦੇ ਕਿਸਾਨ ਰਾਕੇਸ਼ ਕੁਮਾਰ ਸੂਰਿਆਵੰਸ਼ੀ ਵੱਲੋਂ ਸਟ੍ਰਾਬੇਰੀ ਦੀ ਖੇਤੀ ਬਾਰੇ ਪੋਸਟ ਦੇਖ ਕੇ ਉਹ ਇਸ ਫਸਲ ਵੱਲ ਖਿੱਚੇ ਗਏ ਅਤੇ ਪਿਛਲੇ ਸੱਤ ਸਾਲਾਂ ਤੋਂ ਸਟ੍ਰਾਬੇਰੀ ਦੀਆਂ ਅਗੇਤੀ ਅਤੇ ਪਛੇਤੀ ਕਿਸਮਾਂ ਦੀ ਖੇਤੀ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਅਗੇਤੀ ਕਿਸਮ “ਵਿੰਟਰਡੋਨ” ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫਤੇ 'ਚ ਕੀਤੀ ਜਾਂਦੀ ਹੈ, ਜਦਕਿ ਪਛੇਤੀ ਕਿਸਮ “ਕੈਮਾਰੋਜਾ” ਅਕਤੂਬਰ ਦੇ ਅੰਤ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਬੀਜੀ ਜਾਂਦੀ ਹੈ। ਜਨਵਰੀ 'ਚ ਫਲ ਤਿਆਰ ਹੋ ਜਾਂਦਾ ਹੈ, ਜੋ ਅਪ੍ਰੈਲ-ਮਈ ਤੱਕ ਮਿਲਦਾ ਰਹਿੰਦਾ ਹੈ। ਸਟ੍ਰਾਬੇਰੀ ਦੀ ਸ਼ੁਰੂਆਤੀ ਕੀਮਤ 400 ਤੋਂ 500 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਂਦੀ ਹੈ, ਜਦਕਿ ਬਾਅਦ ਵਿੱਚ ਇਹ 150 ਤੋਂ 200 ਰੁਪਏ ਪ੍ਰਤੀ ਕਿਲੋ ਵਿੱਚ ਵਿਕਦੀ ਹੈ।
ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰਤੀ ਏਕੜ ਤਕਰੀਬਨ 24 ਹਜ਼ਾਰ ਬੂਟੇ ਲੱਗਦੇ ਹਨ, ਜਿਨ੍ਹਾਂ ਨੂੰ ਉਹ ਮਹਾਰਾਸ਼ਟਰ ਦੇ ਬਲਸੇਵਰ ਤੋਂ ਮੰਗਵਾਉਂਦੇ ਹਨ। ਹਰ ਬੂਟਾ 15 ਰੁਪਏ ਵਿੱਚ ਮਿਲਦਾ ਹੈ, ਜਦਕਿ ਨਰਸਰੀ ਵਾਲੇ 25 ਤੋਂ 30 ਰੁਪਏ ਤੱਕ ਚਾਰਜ ਕਰਦੇ ਹਨ। ਸਟ੍ਰਾਬੇਰੀ ਦੀ ਨਾਜ਼ੁਕਤਾ ਦੇ ਚਲਦੇ ਇਸ ਨੂੰ ਠੰਢ ਅਤੇ ਧੁੰਦ ਤੋਂ ਬਚਾਉਣ ਲਈ ਮਲਚਿੰਗ ਸ਼ੀਟ ਅਤੇ ਵਾਈਟ ਪਲਾਸਟਿਕ ਤਰਪਾਲ ਨਾਲ ਢੱਕਿਆ ਜਾਂਦਾ ਹੈ। ਦਸੰਬਰ ਵਿੱਚ ਪੌਧੇ ਫੁੱਲਣੇ ਸ਼ੁਰੂ ਕਰਦੇ ਹਨ ਤੇ ਜਨਵਰੀ 'ਚ ਫਲ ਤਿਆਰ ਹੋ ਜਾਂਦਾ ਹੈ।
ਉਹਨਾਂ ਦੱਸਿਆ ਕਿ ਸਟ੍ਰਾਬੇਰੀ ਦੀ 200 ਗ੍ਰਾਮ ਪੈਕਿੰਗ 40 ਤੋਂ 50 ਰੁਪਏ ’ਚ ਮਾਰਕੀਟ ’ਚ ਵਿਕਦੀ ਹੈ। ਪ੍ਰਤੀ ਬੂਟਾ ਲਗਭਗ 600 ਗ੍ਰਾਮ ਤੱਕ ਫਲ ਦੇ ਜਾਂਦਾ ਹੈ। ਜੇਕਰ ਖੇਤੀ ਵੱਡੇ ਪੱਧਰ ’ਤੇ ਕੀਤੀ ਜਾਵੇ ਤਾਂ ਇੱਕ ਏਕੜ ਵਿੱਚ 4-5 ਲੱਖ ਰੁਪਏ ਖਰਚ ਕਰਕੇ 8 ਤੋਂ 10 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ।
ਤਰਸੇਮ ਸਿੰਘ ਨੇ ਕਿਹਾ ਕਿ ਸਟ੍ਰਾਬੇਰੀ ਦੀ ਸਾਂਭ-ਸੰਭਾਲ ’ਤੇ ਖਰਚ ਜ਼ਰੂਰ ਹੈ, ਪਰ ਬਚਤ ਵੀ ਕਾਫੀ ਹੋ ਜਾਂਦੀ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਦਾ ਰੁਖ ਕਰਨ ਦੀ ਥਾਂ ਇਸ ਤਰ੍ਹਾਂ ਦੀ ਲਾਹੇਵੰਦ ਖੇਤੀ ਵੱਲ ਧਿਆਨ ਦੇਣ। ਇਸ ਵੇਲੇ ਉਹ ਆਪਣੀ ਜ਼ਮੀਨ ’ਤੇ ਗੰਡੋਇਆ ਨਾਲ ਤਿਆਰ ਕੀਤੀ ਆਰਗੈਨਿਕ ਖਾਦ ਦੀ ਵਰਤੋਂ ਕਰਕੇ ਮੂੰਗਫਲੀ, ਸ਼ਕਰਕੰਦੀ, ਸੁਵਾਂਜਣਾ, ਹਲਦੀ, ਅਦਰਕ ਅਤੇ ਸੁੰਡ ਵਰਗੀਆਂ ਫਸਲਾਂ ਵੀ ਉਗਾ ਰਹੇ ਹਨ।
ਉਹਨਾਂ ਕਿਹਾ — “ਜੇਕਰ ਸਾਡੇ ਨੌਜਵਾਨ ਵਿਦੇਸ਼ ਜਾਣ ਦੀ ਥਾਂ ਆਪਣੀ ਧਰਤੀ ਨਾਲ ਪਿਆਰ ਕਰਕੇ ਖੇਤੀ 'ਚ ਨਵੀਂ ਸੋਚ ਲਿਆਉਣ, ਤਾਂ ਉਹ ਵੀ ਮਾਲੋਮਾਲ ਹੋ ਸਕਦੇ ਹਨ।”
