ਦੀਨਾਨਗਰ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮੀ ਬਦਲਾਅ ਅਤੇ ਪਹਾੜੀ ਇਲਾਕਿਆਂ ਵਿੱਚ ਹੋ ਰਹੇ ਭਾਰੀ ਮੀਂਹ ਕਾਰਨ ਦਰਿਆਵਾਂ ਦਾ ਪਾਣੀ ਖ਼ਤਰਨਾਕ ਪੱਧਰ ਤੱਕ ਵਧ ਗਿਆ ਹੈ। ਇਸ ਕਰਕੇ ਰਾਜ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੀ ਗੰਭੀਰ ਸਥਿਤੀ ਬਣ ਗਈ ਹੈ। ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।
ਤਾਜ਼ਾ ਜਾਣਕਾਰੀ ਅਨੁਸਾਰ, ਰਾਵੀ ਦਰਿਆ ਵਿੱਚ 1,50,000 ਕਿਊਸਕ ਤੋਂ ਵੱਧ ਪਾਣੀ ਛੱਡਿਆ ਗਿਆ ਹੈ। ਇਸ ਵੱਡੇ ਪਾਣੀ ਦੇ ਰੁਖ਼ ਕਾਰਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਰਮਕੋਟ, ਪਤਨ, ਗੁਰਚਕ ਅਤੇ ਘਣੀਏ ਕੇ ਬੇਟ ਵਿੱਚ ਹੜ੍ਹ ਦੇ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ। ਇੱਥੇ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਉੱਚੇ ਅਤੇ ਸੁਰੱਖਿਅਤ ਥਾਵਾਂ ਵੱਲ ਤੁਰੰਤ ਖਿਸਕ ਜਾਣ।
ਇਸ ਤੋਂ ਇਲਾਵਾ, ਕਲਾਨੌਰ ਇਲਾਕੇ ਦੇ ਪਿੰਡ ਚੰਦੂਵਡਾਲ ਅਤੇ ਕਮਾਲਪੁਰ ਜਟਾ ਵੀ ਹੜ੍ਹ ਦੀ ਚਪੇਟ ਵਿੱਚ ਆ ਸਕਦੇ ਹਨ। ਨਾਲ ਹੀ ਦੀਨਾਨਗਰ ਹਲਕੇ ਦੇ ਪਿੰਡ ਕਾਨਾ, ਚੌਂਤਰਾ, ਚੱਕਰੀ, ਸਲਾਚ, ਆਧ ਜੈਨਪੁ ਅਤੇ ਠਾਕੁਰਪੁਰ ਆਦਿ ਵਿੱਚ ਵੀ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਖ਼ਾਸ ਤੌਰ ’ਤੇ ਸਾਵਧਾਨੀ ਬਰਤਣ ਲਈ ਕਿਹਾ ਗਿਆ ਹੈ।
ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਰਿਆਵਾਂ ਅਤੇ ਨਹਿਰਾਂ ਦੇ ਨੇੜੇ ਨਾ ਜਾਣ, ਘਰਾਂ ਵਿੱਚ ਹੀ ਸੁਰੱਖਿਅਤ ਰਹਿਣ ਅਤੇ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ। ਰਾਹਤ ਟੀਮਾਂ ਨੂੰ ਵੀ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਪਾਣੀ ਦੀ ਸਥਿਤੀ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜੇ ਹਾਲਾਤ ਹੋਰ ਗੰਭੀਰ ਹੋਏ ਤਾਂ ਲੋਕਾਂ ਦੀ ਸੁਰੱਖਿਆ ਲਈ ਵੱਡੇ ਪੱਧਰ ’ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਵੇਗਾ।