ਬਟਾਲਾ/ਨੌਸ਼ਹਿਰਾ : ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਬਟਾਲਾ ਹੇਠ ਆਉਂਦੇ ਪਿੰਡ ਬਹਾਦਰਪੁਰ ਜੋਆ ਵਿੱਚ ਬਿਆਸ ਦਰਿਆ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਕਹਿਰ ਵਰਗਾ ਰੂਪ ਧਾਰਨ ਕਰ ਲਿਆ ਹੈ। ਦਰਿਆ ਆਪਣਾ ਪੁਰਾਣਾ ਰੁਖ ਬਦਲ ਕੇ ਸਿੱਧਾ ਪਿੰਡ ਦੀਆਂ ਖੇਤਾਂ ਵੱਲ ਵਗ ਰਿਹਾ ਹੈ। ਇਸ ਕਾਰਨ ਹਰ ਰੋਜ਼ ਔਸਤਨ 4 ਤੋਂ 5 ਕਿੱਲੇ ਵਾਹੀਯੋਗ ਜ਼ਮੀਨ ਦਰਿਆ ਦੀ ਧਾਰ ਵਿੱਚ ਸਮਾ ਰਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਾਲਾਂ ਦੀ ਮਿਹਨਤ ਨਾਲ ਆਪਣੀ ਜ਼ਮੀਨ ਉਪਜਾਊ ਬਣਾਈ ਸੀ, ਪਰ ਹੁਣ ਸਭ ਕੁਝ ਹੌਲੀ-ਹੌਲੀ ਦਰਿਆ ਦੇ ਪਾਣੀ ਵਿੱਚ ਡੁੱਬਦਾ ਜਾ ਰਿਹਾ ਹੈ। ਪਿੰਡ ਦੇ ਕਿਸਾਨ ਅਮਰੀਕ ਸਿੰਘ ਨੇ ਦੱਸਿਆ – “ਸਾਡੇ ਕੋਲ 6 ਏਕੜ ਜ਼ਮੀਨ ਸੀ। ਸਿਰਫ਼ ਦੋ ਹਫ਼ਤਿਆਂ ਦੇ ਅੰਦਰ 2 ਏਕੜ ਜ਼ਮੀਨ ਦਰਿਆ ਖਾ ਗਿਆ। ਜੇ ਹਾਲਾਤ ਇਉਂ ਹੀ ਰਹੇ ਤਾਂ ਅਗਲੇ ਸਾਲ ਤੱਕ ਸਾਡੇ ਕੋਲ ਖੇਤੀ ਲਈ ਕੁਝ ਨਹੀਂ ਬਚੇਗਾ।”
ਇਸੇ ਤਰ੍ਹਾਂ ਪਿੰਡ ਵਾਸੀ ਬਲਕਾਰ ਸਿੰਘ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦਰਿਆ ਦਾ ਬਹਾਵ ਉਹਨਾਂ ਦੇ ਘਰ ਦੇ ਨੇੜੇ ਆ ਗਿਆ ਹੈ। “ਸਾਨੂੰ ਡਰ ਹੈ ਕਿ ਕਦੇ ਸਾਡਾ ਘਰ ਵੀ ਪਾਣੀ ਵਿਚ ਨਾ ਸਮਾ ਜਾਵੇ। ਰਾਤੀਂ ਅਸੀਂ ਚੈਨ ਨਾਲ ਨਹੀਂ ਸੋ ਸਕਦੇ।”
ਪਿੰਡ ਦੇ ਹੋਰ ਕਿਸਾਨਾਂ ਰਣਜੀਤ ਸਿੰਘ, ਦਿਲਬਾਗ ਸਿੰਘ, ਦੀਦਾਰ ਸਿੰਘ ਅਤੇ ਜੋਗਿੰਦਰ ਸਿੰਘ ਦੀਆਂ ਖੇਤਾਂ ਵੀ ਪਾਣੀ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਦਰਿਆ ਦਾ ਰੁਖ ਰੋਕਣ ਲਈ ਤੁਰੰਤ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਪਾਣੀ ਹੇਠ ਆ ਸਕਦੀ ਹੈ। ਇਹ ਸਿਰਫ਼ ਖੇਤੀ ਹੀ ਨਹੀਂ, ਸੈਂਕੜੇ ਪਰਿਵਾਰਾਂ ਦੇ ਮਕਾਨ, ਰੋਜ਼ਗਾਰ ਅਤੇ ਪਿੰਡ ਦੀ ਅਰਥਵਿਵਸਥਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ।
ਇਸ ਗੰਭੀਰ ਸਥਿਤੀ ਨੂੰ ਲੈ ਕੇ ਪਿੰਡ ਦੇ ਸਰਪੰਚ ਕੈਪਟਨ ਕੁਲਵਿੰਦਰ ਸਿੰਘ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਦਰਿਆ ਦੇ ਰੁਖ ਨੂੰ ਤੁਰੰਤ ਦੂਜੇ ਪਾਸੇ ਮੋੜਨ ਲਈ ਆਰਜ਼ੀ ਪ੍ਰਬੰਧ ਕੀਤੇ ਜਾਣ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿੰਡ ਅਤੇ ਖੇਤੀਬਾੜੀ ਨੂੰ ਬਚਾਉਣ ਲਈ ਮਜ਼ਬੂਤ ਬੰਨ੍ਹਾਂ ਦੀ ਲੋੜ ਹੈ।
ਇਸ ਮੌਕੇ ‘ਤੇ ਕੈਪਟਨ ਨੌ ਨਿਹਾਲ ਸਿੰਘ, ਮਾਸਟਰ ਸਤਨਾਮ ਸਿੰਘ, ਦਿਲਬਾਗ ਸਿੰਘ, ਅਮਰੀਕ ਸਿੰਘ, ਦੀਦਾਰ ਸਿੰਘ, ਬਲਕਾਰ ਸਿੰਘ ਸਮੇਤ ਕਈ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਸਭ ਨੇ ਇੱਕ ਸੁਰ ਵਿੱਚ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਪਿੰਡ ਵਾਸੀਆਂ ਦੀ ਆਵਾਜ਼ ਹੁਣ ਉੱਚੇ ਪੱਧਰ ਤੱਕ ਪਹੁੰਚਣੀ ਲਾਜ਼ਮੀ ਹੈ ਕਿਉਂਕਿ ਜੇ ਤੁਰੰਤ ਪ੍ਰਬੰਧ ਨਾ ਕੀਤੇ ਗਏ ਤਾਂ ਬਿਆਸ ਦਰਿਆ ਦੀ ਇਹ ਤਬਾਹੀ ਸਿਰਫ਼ ਬਹਾਦਰਪੁਰ ਜੋਆ ਹੀ ਨਹੀਂ, ਬਲਕਿ ਨਜ਼ਦੀਕੀ ਕਈ ਪਿੰਡਾਂ ਲਈ ਵੀ ਵੱਡਾ ਖ਼ਤਰਾ ਬਣ ਸਕਦੀ ਹੈ।