ਦੀਨਾਨਗਰ (ਗੁਰਦਾਸਪੁਰ): ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਹਾਲਾਤ ਗੰਭੀਰ ਹੋ ਸਕਦੇ ਹਨ। ਇਸ ਖ਼ਤਰੇ ਨੂੰ ਦੇਖਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਲਈ ਅਲਰਟ ਜਾਰੀ ਕੀਤਾ ਹੈ ਅਤੇ ਕੁਝ ਪਿੰਡਾਂ ਦੇ ਵਾਸੀਆਂ ਨੂੰ ਸਾਵਧਾਨ ਰਹਿਣ ਲਈ ਅਪੀਲ ਕੀਤੀ ਹੈ।
ਪ੍ਰਸ਼ਾਸਨ ਦੇ ਬਿਆਨ ਅਨੁਸਾਰ, ਪਿੰਡ ਮਕੋੜਾ, ਕਾਹਨਾ, ਨਵੀਂ ਚੰਡੀਗੜ੍ਹ, ਚੱਕਰੀ, ਸਲਾਚ, ਠਾਕਰਪੁਰ ਅਤੇ ਚੋਂਤਰਾ ਖ਼ਾਸ ਤੌਰ 'ਤੇ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਜ਼ਰੂਰੀ ਘਰੇਲੂ ਸਾਮਾਨ ਸੁਰੱਖਿਅਤ ਥਾਵਾਂ 'ਤੇ ਰੱਖਣ ਅਤੇ ਸੰਭਵ ਹੋਵੇ ਤਾਂ ਉੱਚੀਆਂ ਥਾਵਾਂ ਵੱਲ ਸ਼ਿਫਟ ਹੋ ਜਾਣ।
ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ ਤਾਂ ਵਾਸੀਆਂ ਨੂੰ ਆਪਣੇ ਘਰ ਛੱਡ ਕੇ ਨੇੜਲੇ ਰਾਹਤ ਕੇਂਦਰਾਂ ਵਿੱਚ ਜਾਣਾ ਪਵੇਗਾ। ਇਹ ਕੇਂਦਰ ਸਰਕਾਰੀ ਸਕੈਂਡਰੀ ਸਕੂਲ ਝਬਕਰਾ, ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗਾਹਲੜੀ ਵਿੱਚ ਬਣਾਏ ਗਏ ਹਨ।
ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬਿਨਾਂ ਲੋੜ ਦੇ ਖ਼ਤਰਾ ਨਾ ਮੋਲ ਲੈਣ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਸਾਰੀਆਂ ਸੂਚਨਾਵਾਂ ਤੇ ਐਲਾਨਾਂ ਨੂੰ ਧਿਆਨ ਨਾਲ ਸੁਣਣ। ਇਸ ਦੇ ਨਾਲ ਹੀ, ਐਮਰਜੈਂਸੀ ਹਾਲਾਤ ਵਿੱਚ ਵਾਸੀ 1800-180-1852 ਜਾਂ 01874-266376 'ਤੇ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਬਚਾਵੀ ਕਾਰਵਾਈ ਲਈ ਸਾਰੇ ਇੰਤਜ਼ਾਮ ਪੂਰੇ ਹਨ। ਫਿਰ ਵੀ, ਸੁਰੱਖਿਆ ਨੂੰ ਪਹਿਲਾਂ ਰੱਖਦਿਆਂ ਹਰ ਵਿਅਕਤੀ ਨੂੰ ਆਪਣੇ ਪੱਧਰ 'ਤੇ ਜ਼ਰੂਰੀ ਤਿਆਰੀ ਕਰਨੀ ਚਾਹੀਦੀ ਹੈ।