ਦੀਨਾਨਗਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਪੁਲਸ ਵੱਲੋਂ ਵੱਡੇ ਪੱਧਰ 'ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀਐੱਸਪੀ ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਦੀ ਅਗਵਾਈ ਹੇਠ ਕੀਤੀ ਗਈ।
ਡੀਐੱਸਪੀ ਦੀ ਅਗਵਾਈ ਹੇਠ ਪੁਲਸ ਦੇ ਭਾਰੀ ਦਸਤੇ ਨੇ ਪਿੰਡ ਅਵਾਂਖਾ ਅਤੇ ਪਨਿਆੜ ਵਿੱਚ ਵਿਆਪਕ ਕਾਰਵਾਈ ਕੀਤੀ। ਪੁਲਸ ਨੇ ਘਰ-ਘਰ ਦਸਤਕ ਦੇ ਕੇ ਸ਼ੱਕੀ ਥਾਵਾਂ ਦੀ ਜਾਂਚ ਕੀਤੀ। ਇਸ ਦੌਰਾਨ ਕੁਝ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਡੀਆੈੱਸਪੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਬੇਨਕਾਬ ਕਰਨ ਲਈ ਇਹ ਮੁਹਿੰਮ ਵੱਡੀ ਗੰਭੀਰਤਾ ਨਾਲ ਅੱਗੇ ਵਧਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਸ਼ੇ ਦੇ ਕਾਰੋਬਾਰ ਨੂੰ ਜੜ ਤੋਂ ਖਤਮ ਕਰਨ ਲਈ ਪੁਲਸ ਪੂਰੀ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ।
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਤਲਾਸ਼ੀ ਮੁਹਿੰਮਾਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ। “ਜਿੱਥੇ ਵੀ ਨਸ਼ੇ ਨਾਲ ਜੁੜੀ ਸਰਗਰਮੀ ਮਿਲੇਗੀ, ਉੱਥੇ ਬਿਨਾ ਕਿਸੇ ਢਿੱਲ ਦੇ ਪੁਲਸ ਕਾਰਵਾਈ ਕਰੇਗੀ,” ਡੀਐੱਸਪੀ ਨੇ ਕਿਹਾ।
ਇਸ ਮੌਕੇ ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਆਪਣੇ ਨੇੜਲੇ ਖੇਤਰ ਵਿੱਚ ਨਸ਼ੇ ਦੇ ਕਾਰੋਬਾਰ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਬਿਨਾ ਹਿਚਕਚਾਹਟ ਪੁਲਸ ਨਾਲ ਸਾਂਝੀ ਕਰਨ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਅਤੇ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਇਸ ਮੁਹਿੰਮ ਦੌਰਾਨ ਮਹਿਲਾ ਪੁਲਸ ਸਮੇਤ ਵੱਡੀ ਗਿਣਤੀ ਵਿੱਚ ਪੁਲਸ ਦੇ ਅਧਿਕਾਰੀ ਅਤੇ ਜਵਾਨ ਮੌਜੂਦ ਰਹੇ ਅਤੇ ਕਾਰਵਾਈ ਨੂੰ ਸਫਲ ਬਣਾਇਆ।