ਬਟਾਲਾ: ਪਿੰਡ ਤਾਰਾਗੜ੍ਹ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਨਸ਼ੇੜੀ ਪੁੱਤਰ ਨੇ ਆਪਣੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ, ਜਰਮਨ ਮਸੀਹ ਨਾਂ ਦੇ ਨੌਜਵਾਨ ਨੇ 11 ਅਗਸਤ ਦੀ ਸ਼ਾਮ ਨੂੰ ਆਪਣੇ ਪਿਤਾ ਲੱਭਾ ਮਸੀਹ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ। ਪਰ ਜਦੋਂ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਖੁਦ ਬਿਮਾਰ ਹੈ, ਤਾਂ ਗੁੱਸੇ ਵਿੱਚ ਆਏ ਪੁੱਤਰ ਨੇ ਪਹਿਲਾਂ ਰੋੜੇ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ ਅਤੇ ਫਿਰ ਡੰਡੇ ਨਾਲ ਲਗਾਤਾਰ ਚਾਰ-ਪੰਜ ਵਾਰ ਮਾਰਿਆ।
ਬੁਰੀ ਤਰ੍ਹਾਂ ਜ਼ਖ਼ਮੀ ਹੋਏ ਪਿਤਾ ਨੂੰ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਉਸ ਦਾ ਪੁੱਤਰ ਜਰਮਨ ਮਸੀਹ ਨਸ਼ੇ ਦੀ ਲਤ ਕਾਰਨ ਹਿੰਸਕ ਹੋ ਗਿਆ ਸੀ। ਉਸ ਦੀ ਪਤਨੀ ਨੀਲਮ ਆਪਣੇ ਦੋ ਬੱਚਿਆਂ ਸਮੇਤ ਘਰ ਛੱਡ ਕੇ ਚਲੀ ਗਈ ਸੀ, ਜਿਸ ਕਾਰਨ ਉਸ ਨੇ ਹੋਰ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਿਸ ਨੇ ਜਰਮਨ ਮਸੀਹ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।