ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਧਾਰੀਵਾਲ 'ਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਬੀਤੀ ਸ਼ਾਮ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਸ਼ਾਮ ਲਗਭਗ 6 ਵਜੇ ਇੱਕ 33 ਸਾਲਾ ਔਰਤ ਨੇ ਅਚਾਨਕ ਪੁੱਲ ਤੋਂ ਨਹਿਰ ਵਿੱਚ ਛਾਲ ਮਾਰ ਦਿੱਤੀ।
ਔਰਤ ਨੂੰ ਤੇਜ਼ ਪਾਣੀ ਦੇ ਬਹਾਅ ਵਿੱਚ ਵਗਦਾ ਦੇਖ ਇਲਾਕੇ ਦੇ ਕੁਝ ਨੌਜਵਾਨਾਂ ਨੇ ਹਿੰਮਤ ਦਿਖਾਈ ਅਤੇ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢ ਲਿਆ। ਬਚਾਉਂ ਕਾਰਵਾਈ ਦੌਰਾਨ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਔਰਤ ਨੂੰ ਕਾਫੀ ਮੁਸ਼ਕਲ ਨਾਲ ਕਿਨਾਰੇ ਲਿਆਇਆ।
ਇਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਔਰਤ ਨੂੰ ਧਾਰੀਵਾਲ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਨਜ਼ਦੀਕੀ ਪਿੰਡ ਮਰੜ ਦੀ ਰਹਿਣ ਵਾਲੀ ਰਣਜੀਤ ਕੌਰ (ਉਮਰ 33 ਸਾਲ) ਵਜੋਂ ਹੋਈ ਹੈ।
ਪਰਿਵਾਰਕ ਸਰੋਤਾਂ ਨੇ ਦੱਸਿਆ ਕਿ ਰਣਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਅਤੇ ਪ੍ਰੇਸ਼ਾਨੀਆਂ ਦਾ ਸ਼ਿਕਾਰ ਸੀ। ਉਸ ਦੀ ਇਸ ਹਰਕਤ ਨੇ ਪਰਿਵਾਰ ਅਤੇ ਇਲਾਕੇ ਵਿੱਚ ਦੁਖ ਦੀ ਲਹਿਰ ਦੌੜਾ ਦਿੱਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨ ਬਾਰੇ ਪੁਸ਼ਟੀ ਹੋਵੇਗੀ। ਇਲਾਕੇ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਬਚਣ ਲਈ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਮੁਹਿੰਮਾਂ ਨੂੰ ਵਧਾਇਆ ਜਾਣਾ ਚਾਹੀਦਾ ਹੈ।